ਕਿਆ ਹਾਲ ਹੈ ਖਾਂ ਸਾਹਿਬ? ਫ਼ਤਹਿ ਮੁਹੰਮਦ ਖਾਂ ਨੇ ਆਣ ਸਲਾਮ ਬੁਲਾਈ।
ਖ਼ੁਦਾ ਕਾ ਫਜ਼ਲ ਹੈ ਕਿ ਹਮ ਬਹਾਦਰੋਂ ਕੇ ਹਾਥ ਕੈਦ ਹੁਏ। ਅਤਾ ਮੁਹਮਦ ਖਾਂ ਆਖਣ ਲੱਗਾ।
'ਇਹ ਗੱਲਾਂ ਛੱਡੋ. ਇਹ ਤੇ ਫ਼ੈਕੀ ਲਿਫ਼ਾਫ਼ੇ ਬਾਜ਼ੀ ਏ। ਮਤਲਬ ਦੀ ਗੱਲ ਕਰੋ। ਕਿਥੇ ਹਨ ਸ਼ਹਿਨਸ਼ਾਹੇ ਕਾਬਲ, ਸ਼ਾਹ ਸੁਜਾ?" ਦੀਵਾਨ ਮੋਹਕਮ ਚੰਦ ਦੀ ਆਵਾਜ਼ ਗੂੰਜੀ।
'ਕਤਲ ਕਰ ਦਿਤਾ ਗਿਐ।'
'ਝੂਠ ਏ. ਫਰੇਬ ਏ. ਸ਼ਾਹ ਕਤਲ ਨਹੀਂ ਹੋ ਸਕਦਾ! ਸ਼ਾਹ ਕਤਲ ਕੀਤਾ ਨਹੀਂ ਜਾ ਸਕਦਾ।
'ਚੰਦਾ।' ਨਲੂਆ ਕੜਕਵੀਂ ਆਵਾਜ਼ ਵਿਚ ਗਰਜਿਆ।
'ਹਾਜ਼ਰ ਹਾਂ, ਸਰਕਾਰ।' ਚੰਦਾ ਨੇ ਸਿਰ ਤੋਂ ਪਗੜੀ ਲਾਹ ਮਾਰੀ।
'ਸਾਡਾ ਸ਼ਿਕਾਰ ਕਿਥੇ ਹੈ।' ਅਵਾਜ਼ ਨਲੂਏ ਦੀ ਸੀ।
'ਚਲੋ ਮੇਰੇ ਨਾਲ,' ਚੰਦਾ ਬੋਲੀ।
ਅੱਗੇ ਦੇ ਘੋੜੇ ਸਨ, ਚੰਦਾ ਤੇ ਨਲੂਏ ਦਾ ਤੇ ਪਿਛੇ ਕਈ ਸਵਾਰ ਸਨ।
ਇਕ ਹਵੇਲੀ ਜਿਹੀ ਆ ਗਈ, ਉਜੜੀ ਹੋਈ ਭਾਂਅ ਭਾਅ ਕਰਦੀ। ਗੋਡੇ-ਗੰਡੇ ਘਾਅ, ਵੇਖਿਆਂ ਜਿੰਨਾਂ ਤੇ ਚੁੜੇਲਾਂ ਦਾ ਘਰ ਜਾਪੇ। ਡਰ ਪਿਆ ਲੱਗੇ। ਨਲੂਆ ਤੇ ਚੰਦਾ ਉਸ ਹਵੇਲੀ ਦੇ ਅੰਦਰ ਜਾ ਵੜੇ।
ਪਛਾਣੇ, ਸ਼ਾਹ ਇਹੋ ਈ ਏ ਨਾ?' ਚੰਦਾ ਦੇ ਬੋਲ ਸਨ।
'ਚੰਦਾ, ਤੂੰ ਤੇ ਕਮਾਲ ਈ ਕਰ ਦਿਤੀ ਏ!'
ਘੋੜੇ ਤੇ ਬੰਦਿਆਂ ਫੜ ਕੇ ਬਿਠਾ ਦਿਤਾ ਸ਼ਾਹ ਸੁਜਾ ਨੂੰ, ਤੇ ਝੱਟ ਈ ਦੀਵਾਨ ਸਾਹਿਬ ਕੋਲ ਪੁੱਜ ਗਏ।
'ਸ਼ਾਹ ਹਾਜ਼ਰ ਏ, ਚਾਚਾ ਜੀ!'
'ਸ਼ਾਬਾਸ਼।' ਦੀਵਾਨ ਦੀ ਆਵਾਜ਼ ਵਿਚ ਅਸ਼ੀਰਵਾਦ ਦੀ ਚਾਸ਼ਨੀ ਸੀ।