ਫ਼ਤਹਿ ਮੁਹੰਮਦ ਖਾਂ ਨੂੰ ਤੇ ਤੇਈਆ ਚੜ੍ਹਿਆ ਹੋਇਆ ਸੀ। ਉਹਦੇ ਪੈਰਾਂ ਨੂੰ ਤੇਹ ਲੱਗੇ ਹੋਏ ਸਨ। ਤਰਲੋ-ਮਛੀ ਹੋ ਰਿਹਾ ਸੀ ਉਹਦਾ ਦਿਲ। ਪਰ ਉਹਦੀ ਪੇਸ਼ ਨਹੀਂ ਸੀ ਜਾ ਰਹੀ। ਸਾਮ੍ਹਣੇ ਜੁਤੀ ਵਾਲੇ ਤਗੜੇ ਸਨ। ਫਸਿਆ ਸ਼ਿਕਾਰ ਹਥੋਂ ਨਿਕਲ ਗਿਆ। ਮਹਿਮੂਦ ਸ਼ਾਹ ਨੇ ਤੇ ਕਾਬਲ ਨਹੀਂ ਸੀ ਵੜਨ ਦੇਣਾ। ਫ਼ਤਹਿ ਮੁਹੰਮਦ ਖਾਂ ਵੇਲੇ ਦੀ ਤਾੜ ਵਿਚ ਲਗ ਗਿਆ।
ਇਕ ਖ਼ਤ ਦੀਵਾਨ ਮੋਹਕਮ ਚੰਦ ਨੇ ਮਹਾਰਾਜ ਨੂੰ ਲਿਖਿਆ। 'ਅਟਕ ਦਾ ਕਿਲਾ ਜਹਾਂਦਾਦ ਖਾਂ ਕੋਲ ਏ ਜਿਹੜਾ ਅਤਾ ਮੁਹਮੰਦ ਖਾਂ ਦਾ ਭਰਾ ਏ। ਮੇਰਾ ਨਵਾਬ ਨਾਲ ਫੈਸਲਾ ਹੋ ਗਿਆ ਏ ਕਿ ਉਹਨੂੰ ਫ਼ਤਹਿ ਮੁਹੰਮਦ ਖਾਂ ਦੇ ਹਵਾਲੇ ਨਾ ਕੀਤਾ ਜਾਏ। ਤੇ ਉਹ ਉਹਦੇ ਬਦਲੇ ਸਾਨੂੰ ਅਟਕ ਦੇ ਕਿਲੇ ਦਾ ਕਬਜ਼ਾ ਦਿਵਾ ਦੇਵੇਗਾ।'
ਹਲਕਾਰੇ ਤੁਰ ਗਏ। ਚਾਲੇ ਪਾਈਆਂ ਡਾਚੀਆਂ। ਸੁਰਾਹੀਆਂ ਹਰਕਤ ਵਿਚ ਆਈਆਂ। ਪਿਆਲੇ ਵਜਦ ਵਿਚ ਆਏ ਹੁਸਨ ਜਵਾਨੀ ਦੇ ਮੁੱਢ ਆਣ ਬੈਠਾ। ਜਾਫ਼ਰਾਨ ਦੇ ਫੁੱਲ ਹਥਾਂ ਵਿਚ ਮਧੇਲ ਸੁਟੇ। ਕਾਂਗੜੀ ਤੇ ਹਰ ਬੰਦਾ ਹਥ ਸੇਕ ਰਿਹਾ ਸੀ। ਕਾਂਗੜੀ ਹਰ ਫੌਜੀ ਦੀ ਬਗ਼ਲ ਵਿਚ ਸੀ। ਫੁਲ ਖਿੜ੍ਹੇ ਕਲੀ ਘੁੰਡ ਖੋਲ੍ਹ ਰਹੀ ਸੀ।
ਕਸ਼ਮੀਰ 'ਚ ਬਹਾਰ ਆਉਣ ਵਾਲੀ ਸੀ।
ਦੀਵਾਨ ਮੋਹਕਮ ਚੰਦ ਨੇ ਹਰੀ ਸਿੰਘ ਨਲੂਏ ਨੂੰ ਨਾਲ ਲਿਆ ਤੇ ਫ਼ਤਹਿ ਮੁਹੰਮਦ ਖਾਂ ਨੂੰ ਰਬੜ ਦਾ ਮੌਮਾ ਦੇ ਕੇ ਡਫ ਵਜਾਉਂਦੇ ਨੂੰ ਛੱਡ ਕੇ ਅਤਾ ਮੁਹੰਮਦ ਖਾਂ ਤੇ ਸ਼ਾਹ ਸੂਜਾ ਨੂੰ ਨਾਲ ਲੈ ਕੇ ਲਾਹੌਰ ਆਣ ਵੜਿਆ।