ਸਾਜ਼ਸ਼
ਸ਼ਾਹ ਹੋਛੇ ਹਥਿਆਰਾਂ ਤੇ ਉਤਰ ਆਇਆ। ਕੋਹਨੂਰ ਹੀਰਾ ਇਸ ਤਰ੍ਹਾਂ ਨਹੀਂ ਦਿਤਾ ਜਾ ਸਕਦਾ। ਕੋਹਨੂਰ ਹੀਰਾ ਬੜਾ ਕੀਮਤੀ ਏ. ਇਹਦੀ ਕੋਈ ਕੀਮਤ ਨਹੀਂ ਦੇ ਸਕਦਾ। ਬੇਗ਼ਮ, ਇਹ ਏਨਾ ਸਸਤਾ ਸੌਦਾ ਨਹੀਂ ਜਿਹੜਾ ਤੂੰ ਕਰ ਲਿਆ ਏ। ਤੂੰ ਜਾਣਦੀ ਏਂ ਕਿ" ਇਹ ਹੀਰਾ ਸਾਡੇ ਬਜੁਰਗਾਂ ਨੇ ਹਿੰਦੁਸਤਾਨ ਤੋਂ ਕਿਦਾਂ ਲਿਆ ਸੀ। ਹੀਰਾ ਸਾਡੇ ਕੋਲ ਏ ਉਹਨੂੰ ਕਿਥੇ ਨਪਿਆ ਜਾ ਸਕਦੈ। ਸੱਤਾਂ ਪੜਦਿਆਂ ਵਿਚੋਂ ਵੀ ਤੇ ਚਮਕ ਮਾਰਦੈ। ਹੀਰਾ ਵੀ ਸਾਡੀ ਜਾਨ ਲਈ ਇਕ ਵਬਾਅ ਬਣ ਗਿਐ।" ਸ਼ਾਹ ਸ਼ੁਜਾ ਸੋਚਾਂ 'ਚ ਡੁਬਿਆ ਹੋਇਆ ਸੀ।
'ਇਹਦਾ ਇਹ ਹੱਲ ਨਹੀਂ। ਜੇ ਮੈਂ ਗਲਤੀ ਕਰ ਈ ਲਈ ਏ ਤੇ ਸ਼ਾਹ ਨੂੰ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ, ਇਹਦਾ ਹੱਲ ਮੈਂ ਦਸਦੀ ਹਾਂ। ਕਸ਼ਮੀਰ 'ਚ ਅਜੇ ਮੁਹੰਮਦ ਅਜ਼ੀਮ ਖਾਂ ਬੜਕਾਂ ਮਾਰਦੈ। ਉਹਦੇ ਜੁੱਸੇ ਵਿਚ ਜਾਨ ਏ ਉਹਦੀਆਂ ਬਾਹਾਂ 'ਚ ਬੁਲ ਏ. ਉਹਦੀ ਤਲਵਾਰ 'ਚ ਜੱਸ ਏ, ਉਹ ਸਾਡੀ ਮਦਦ ਕਰ ਸਕਦਾ ਏ। ਵਫ਼ਾ ਬੇਗ਼ਮ ਦੀਆਂ ਅੱਖਾਂ ਵਿਚ ਸ਼ਰਾਰਤ ਸੀ।
"ਕਿਸ ਤਰ੍ਹਾਂ?"
'ਹਮਲਾ ਕਰਕੇ, ਉਹ ਉਥੋਂ ਚੜ੍ਹ ਪਏ ਤੇ ਅਸੀਂ ਇਥੇ ਮਹਾਰਾਜ ਨੂੰ ਹਵੇਲੀ ਵਿਚ ਸਦ ਕੇ, ਹੀਰੇ ਦਾ ਝਾਂਸਾ ਦੇ ਕੇ, ਪਾਰ ਬੁਲਾ ਦੇਈਏ। ਏਸ ਤਰ੍ਹਾਂ ਬਣੀ ਬਣਾਈ ਹਕੂਮਤ ਦੇ ਵਾਰਸ ਬਣ ਜਾਓ।' ਬੋਲੀ ਵਫ਼ਾ ਬੇਗ਼ਮ।
ਏਧਰ ਮੋਹਕਮ ਚੰਦ ਆਪਣੀ ਹਵੇਲੀ 'ਚ ਬੈਠਾ ਸੋਚ ਰਿਹਾ ਸੀ. ਏਨੇ ਚਿਰ ਨੂੰ ਹਰੀ ਸਿੰਘ ਨਲੂਆ ਆ ਗਿਆ।
ਆਉਂਦਿਆਂ ਈ ਆਖਣ ਲੱਗਾ। ਦੀਵਾਨ ਸਾਹਿਬ, ਏਨੇ ਜ਼ਫਰ ਵੀ ਜਾਲੇ ਸ਼ਾਹ ਫਿਰ ਮੁਕਰ ਗਿਆ ਉਸ ਤੇ ਆਉਂਦਿਆਂ ਈ ਪੈਰਾਂ ਤੇ ਪਾਣੀ ਨਹੀਂ ਪੈਣ ਦਿਤਾ। ਟਕੇ ਵਰਗਾ ਘੜਿਆ ਘੜਾਇਆ ਜਵਾਬ ਦੇ ਦਿਤਾ ਏ। ਹੀਰਾ ਉਹਦੇ ਕੋਲ ਨਹੀਂ ਉਸ ਕਾਬਲ 'ਚ ਗਹਿਣੇ ਪਾਇਆ ਹੋਇਆ ਏ. ਤਿੰਨ ਕਰੋੜ ਰੁਪੈ 'ਚ। ਨਾ ਕੋਈ ਭੜਵਾ ਦੇਵੇ ਤੇ ਨਾ ਕੋਈ ਛੁਡਵਾਏ। ਬੜੀ ਦੁਭਦਾ ਵਿਚ ਫਸ ਗਏ ਹਾਂ ਹੀਰਾ ਕਿਤੇ ਜਾਨ ਦਾ ਖੌਅ ਨਾ ਬਣ ਜਾਏ।' ਹਰੀ ਸਿੰਘ ਨਲੂਏ ਦੀ ਆਵਾਜ਼ ਉਭਰੀ।