'ਢਮੋ ਸੂ ਮੱਥਾ! ਏਸ ਇਸ ਤੋਂ ਘੱਟ ਮੰਨਣਾ ਈ ਨਹੀਂ।' ਨਲੂਆ ਖਿਝਿਆ ਆਖਣ ਲੱਗਾ।
ਕੋਹਨੂਰ ਹੀਰਾ, ਵਫ਼ਾ ਬੇਗ਼ਮ ਦੇ ਕੋਲ ਏ. ਮੈਂ ਸ਼ਾਹ ਤੇ ਬੇਗ਼ਮ ਦੀਆਂ ਗੱਲਾ ਸੁਣੀਆਂ ਨੇ। ਹੀਰਾ ਉਸ ਲੀਰਾ ਦੀ ਪੋਟਲੀ ਵਿਚ ਲਪੇਟਿਆ ਹੋਇਆ ਹੈ।
'ਲੈ ਹੀਰਾ, ਜੇ ਰੱਤੀ ਭਰ ਵੀ ਝੂਠ ਨਿਕਲਿਆ ਤੇ ਚੁਰਾਹੇ ਤੇ ਖੜਾ ਕਰਕੇ ਕੁੱਤਿਆਂ ਤੋਂ ਪੜਵਾ ਦਿਤਾ ਜਾਏਗਾ। ਨਲੂਆ ਏਨੀ ਗੱਲ ਆਖਕੇ ਚੁਪ ਹੋ ਗਿਆ।
ਸੂਰਜ ਅਜੇ ਉਗਿਆ ਈ ਸੀ ਕਿ ਗੁਜਰਾਂਵਾਲੇ ਦੇ ਥਾਣੇ ਦੇ ਲਾਗੇ ਕਿਸੇ ਹੋਰ ਆਦਮੀ ਦੇ ਭੁਲੇਖੇ ਇਕ ਬੰਦਾ ਫੜਿਆ ਗਿਆ। ਉਸ ਕੋਲੇ ਇਕ ਰੁੱਕਾ ਮਿਲਿਆ। ਉਸ ਤੇ ਇਕ ਵਾਰ ਪੰਜੇ ਉਂਗਲਾਂ ਮੂੰਹ ’ਚ ਪਾ ਲਈਆ। ਸਾਰਿਆਂ ਨੀਝ ਲਾ ਲਾ ਕੇ ਪੜ੍ਹਿਆ। ਵਾਰ ਵਾਰ ਪੜ੍ਹ ਕੇ ਵੇਖਿਆ। ਲਿਖਿਆ ਸੀ-
'ਅਸ ਸਲਾਮਾ ਲੈਕਮ, ਯਹਾਂ ਪਰ ਹਮਨੇ ਅਭ ਸਭ ਤਰ੍ਹਾਂ ਠੀਕ ਠਾਕ ਕਾਮ ਕਰ ਰੱਖਾ ਹੈ। ਅਗਰ ਤੁਮਾਰੀ ਫੌਜ ਖ਼ੁਦ ਕਿਸੀ ਐਸੀ ਤਰਕੀਬ ਸੇ ਹਮਲਾ ਕਰੋ, ਜੋ ਖ਼ਬਰ ਕਿਸੀ ਕੇ ਨਾ ਹੈ। ਤੇ ਰਣਜੀਤ ਸਿੰਘ ਕੇ ਹਮ ਕਤਲ ਕਰ ਡਾਲੇਂਗੇ। ਤੁਮ ਲਾਹੌਰ ਪਰ ਕਬਜ਼ਾ ਕਰ ਲੈਣਾ। ਪੰਜਾਬ ਦੀ ਬਣੀ ਬਣਾਈ ਸਲਤਨਤ ਅਸਲਾਮ ਦੇ ਹੱਥ ਆ ਜਾਏਗੀ।'
ਖ਼ਤ ਦੇ ਥਲੇ ਕਿਸੇ ਦਾ ਨਾਂ ਨਹੀਂ ਸੀ ਅਤੇ ਜਿਹਦੇ ਨਾਓਂ ਉਹ ਖਤ ਲਿਖਿਆ ਗਿਆ ਸੀ ਉਹਦਾ ਵੀ ਕੋਈ ਨਾ ਥਿਹ ਨਹੀਂ ਸੀ। ਹਾਜੀ ਦੀਆਂ ਮੁਸ਼ਕਾਂ ਬੰਨ੍ਹੀਆਂ ਗਈਆਂ। ਗੁੱਲੀ ਡੰਡਾ ਚਾੜ੍ਹਿਆ ਗਿਆ। ਨਾਸਾਂ ਵਿਚ ਧੂਣੀ ਦਿਤੀ ਗਈ ਗੰਦ ਦੀ, ਹਨੇਰੀ ਕੋਠੜੀ 'ਚ ਡਕਿਆ ਗਿਆ। ਲੱਤਾਂ ਚੌੜੀਆਂ ਕਰਕੇ ਹੇਠ ਅਗ ਬਾਲੀ ਗਈ। ਸਭ ਕੁਝ ਮੰਨ ਗਿਆ। ਬਟੇਰੇ ਵਾਂਗੂੰ ਪਟਾਕਣ ਲੱਗਾ, "ਮੇਰੀ ਜਾਨ ਬਖ਼ਸ਼ ਦਿਓ।"
'ਇਹ ਖ਼ਤ ਮੁਹੰਮਦ ਅਜ਼ੀਮ ਖਾਂ ਨਾਜ਼ਮ ਕਸ਼ਮੀਰ ਵਲ ਮੈਂ ਲੈ ਕੇ ਜਾਣੈ। ਤੇ ਇਹ ਖਤ ਮੈਨੂੰ ਕਾਜ਼ੀ ਸ਼ੇਰ ਮੁਹੰਮਦ ਖਾਂ ਨੇ ਦਸਤੀ ਆਪ ਆਪਣੀ ਕਲਮ ਨਾਲ ਲਿਖ ਕੇ ਦਿਤੈ।
ਹਰੀ ਸਿੰਘ ਨਲੂਏ ਨੇ ਹਥ ਜੋੜ ਕੇ ਫ਼ਤਹਿ ਆਣ ਬੁਲਾਈ ਤੇ ਅਰਜ਼ ਕੀਤੀ। 'ਸ਼ਾਹ ਦੀ ਨੀਯਤ ਦਾ ਹੁਣ ਤੇ ਪਤਾ ਲਗ ਈ ਗਿਆ, ਹੀਰਾ ਉਹਦੇ ਕੋਲ ਏ। ਉਹ ਹੀਰਾ ਦੇਣਾ ਨਹੀਂ ਚਾਹੁੰਦਾ। ਸਗੋਂ ਸਾਡੀ ਹਕੂਮਤ ਤੇ ਵੀ ਅਖ ਲਾਈ ਬੈਠਾ ਏ। ਹੀਰਾ ਕਿਥੇ ਐ? ਪਤਾ ਲੱਗ ਚੁੱਕੇ।' 'ਹਾਜੀ ਨੂੰ ਜੇਲ੍ਹ 'ਚ ਡੱਕ ਦਿਓ ਤੇ ਕਾਜ਼ੀ ਸ਼ੇਰ ਮੁਹੰਮਦ ਖਾਂ ਨੂੰ ਜੂੜ ਕੇ ਲੈ ਆਓ। ਮੁਬਾਰਕ ਹਵੇਲੀ ਘੇਰੇ 'ਚ ਲੈ ਲਓ। ਕਿਸੇ ਬੰਦੇ ਨੂੰ ਨਾ ਬਾਹਰ ਜਾਣ ਦਿਓ ਤੇ ਕੋਈ ਬੰਦਾ ਅੰਦਰ ਵੀ ਨਾ ਜਾਵੇ। ਹੀਰਾ ਹਰ ਕੀਮਤ ਤੇ ਵਸੂਲ ਕੀਤਾ ਜਾਏਗਾ। ਭਾਵੇਂ ਮੈਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ।' ਮਹਾਰਾਜ ਦੀ ਏਨੀ ਗੱਲ ਤੇ ਦਰਬਾਰ ਬ੍ਰਖਾਸਤ ਹੋ ਗਿਆ।