ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ
ਵਜਦਾ ਬਸੰਤ ਰਾਗ ਹੈ ਜੇ ਰੇਡੀਓ ਤੋਂ ਰੋਜ਼
ਮਤਲਬ ਨ ਲੈ ਕਿ ਪੌਣ ਖਿਜਾਂ ਦੀ ਤੁਰੀ ਨਹੀਂ
ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ
ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ
ਹਰ ਵਕਤ ਖੁਰਦੀ ਜਾਪਦੀ ਹੈ ਭਾਵੇਂ ਫੇਰ ਵੀ
ਪਾਣੀ 'ਚ ਟਿੱਕੀ ਚੰਨ ਦੀ ਅਜ ਤਕ ਖੁਰੀ ਨਹੀਂ