ਝੀਲ ਵਿਚ ਸੁੱਟੀ ਤਾਂ ਡੁੱਬ ਹੀ ਜਾਏਗੀ ਹਰ ਇਕ ਕਿਤਾਬ
ਲਫ਼ਜ਼ ਯੁਗ ਯੁਗ ਤੀਕ ਸਾਂਭਣ ਦਿਲ ਦੇ ਦਰਿਆਵਾਂ ਦੇ ਆਬ
ਅੱਗ 'ਚ ਨਾ ਸਾੜੋ ਕਿ ਹਰ ਇਕ ਦਿਲ ਹੈ ਇਕ ਐਸੀ ਕਿਤਾਬ
ਜਿਸ ਦੀ ਹਰ ਇਕ ਸਤਰ ਡਾਲੀ, ਜਿਸ ਦਾ ਹਰ ਅੱਖਰ ਗੁਲਾਬ
ਛੁਹ ਬਿਨਾ ਹੀ ਹੋ ਗਏ ਬੇਲਿਸ਼ਕ ਉਸ ਸ਼ੁਹਦੀ ਦੇ ਕੇਸ
ਡਾਲ ਤੇ ਮੁਰਝਾ ਗਿਆ ਹੈ ਉਸ ਦੇ ਹਿੱਸੇ ਦਾ ਗੁਲਾਬ
ਰੇਤ 'ਤੇ ਬਾਬਰ ਦਾ ਸੀ, ਰੂਹਾਂ 'ਤੇ ਉਸ ਦਾ ਰਾਜ ਸੀ
ਉਹ ਜੁ ਅਕਸਰ ਆਖਦਾ ਸੀ ਛੇੜ ਮਰਦਾਨੇ ਰਬਾਬ
ਉਹ ਕਿ ਜੋ ਲਫ਼ਜ਼ਾਂ ਦੀ ਖੇਤੀ ਹੀ ਸਦਾ ਕਰਦੇ ਰਹੇ
ਓਨ੍ਹਾਂ ਲਈ ਦੇ ਲਫ਼ਜ਼ ਹੀ ਸਨ ਕੀ ਸੀ ਬਾਬਰ ਕੀ ਰਬਾਬ
ਇਸ ਦਾ ਹਰ ਵਰਕਾ ਜਿਵੇਂ ਬਾਰੀ ਦੇ ਵਿਚ ਅਸਮਾਨ ਹੈ।
ਅਹਿ ਜ਼ਰਾ ਤਕਣਾ ਛਪੀ ਏ ਮੇਰੀ ਗ਼ਜ਼ਲਾਂ ਦੀ ਕਿਤਾਬ