ਮੇਰੇ ਚਿਰਾਗ਼ ਬੁਝਾ ਕੇ ਹਵਾ ਨੇ ਰੋਣਾ ਸੀ
ਤਮਾਸ਼ਾ ਇਹ ਵੀ ਮੇਰੇ ਹੀ ਨਗਰ 'ਚ ਹੋਣਾ ਸੀ
ਅਸੀਂ ਤਾਂ ਮਰਨ ਦਿਤਾ ਉਸਨੂੰ ਸਾਹਮਣੇ ਅਪਣੇ
ਖ਼ਬਰ ਪੜ੍ਹੀ ਤਾਂ ਅਸੀਂ ਕੀ ਉਦਾਸ ਹੋਣਾ ਸੀ।
ਉਹ ਆਪਣੀ ਹੋਂਦ ਦੇ ਜੰਗਲ 'ਚ ਉਲਝ ਅਸਤ ਹੋ ਗਏ
ਜਿਨ੍ਹਾਂ ਉਦੈ ਹੀ ਸਲੀਬਾਂ 'ਤੇ ਚੜ੍ਹ ਕੇ ਹੋਣਾ ਸੀ
ਹਵਾ ਵੀ ਵਗਦੀ ਹੈ ਅਜਕਲ ਤਾਂ ਤੁਹਮਤਾਂ ਵਰਗੀ
ਤੂੰ ਹਾਦਸੇ ਤੋਂ ਜ਼ਰਾ ਫ਼ਰਕ ਤੇ ਖੜੋਣਾ ਸੀ
ਉਹ ਤੇਰਾ ਦਿਲ ਨ ਸਹੀ ਖ਼ੁਦਕੁਸ਼ੀ ਦੀ ਝੀਲ ਸਹੀ
ਮੈਂ ਤਪਦੇ ਜਿਸਮ ਨੂੰ ਆਖ਼ਰ ਕਿਤੇ ਡੁਬੋਣਾ ਸੀ
ਮੇਰੇ ਤਾਂ ਸੀਨੇ 'ਚ ਅੱਗ ਹੈ ਇਹ ਝੁਲਸ ਜਾਵੇਗਾ
ਇਹ ਪੁਸ਼ਪ-ਹਾਰ ਕਿਸੇ ਹੋਰ ਲਈ ਪਰੋਣਾ ਸੀ
ਕਿਤੇ ਜੇ ਵਕਤ ਦੀ ਰਗ ਰਗ 'ਚ ਜ਼ਹਿਰ ਨਾ ਘੁਲਦਾ
ਮੇਰੀ ਗ਼ਜ਼ਲ 'ਚ ਵੀ ਫੁੱਲਾਂ ਦਾ ਜ਼ਿਕਰ ਹੋਣਾ ਸੀ