ਤੂੰ ਵੀ ਬੁਝ ਜਾਵੇਂਗਾ, ਇਕ ਦੀਵਾ ਮਸੀਂ ਦਾ ਘਰ ਦੇ ਕੋਲ
ਰਹਿਣ ਦੇ ਗਲੀਆਂ 'ਚ ਰੋਂਦੀ ਪੌਣ ਤੂੰ ਬੂਹਾ ਨਾ ਖੋਲ੍ਹ
ਇਹ ਤਾਂ ਸਦੀਆਂ ਤੀਕ ਸੋਗੀ, ਇਹ ਤਾਂ ਕੋਹਾਂ ਤਕ ਲਹੂ
ਇਸ ਦੀ ਤਾਂ ਹਰ ਪਰਤ ਜ਼ਖ਼ਮੀ ਤੂੰ ਹਵਾ ਦਾ ਦਿਲ ਨ ਫੋਲ
ਯਾਰ, ਮੈਂ ਕਿਸ ਦਿਨ ਕਿਹਾ ਹੈ, ਏਨ੍ਹਾਂ ਵਿਚ ਨ੍ਹੇਰੇ ਦੀ ਮੌਤ
ਤੂੰ ਤਾਂ ਐਵੇਂ ਪਿੰਜ ਸੁੱਟੇ ਤੋਤਲੇ ਮਾਸੂਮ ਬੋਲ
ਰਾਤ ਭਰ ਪਿੰਜਣਗੇ ਇਸਦੀ ਚਾਨਣੀ ਪਹੀਏ ਤੇ ਪੈਰ
ਅੱਜ ਮੇਰੇ ਸ਼ਹਿਰ ਉਤੇ ਚੰਦ ਚੜ੍ਹਿਆ ਗੋਲ ਗੋਲ
ਝੀਲ ਦੀ ਫ਼ਿਤਰਤ ਹੈ ਸਭ ਦੇ ਸਾਹਮਣੇ ਸੱਚ ਆਖਣਾ
ਝੀਲ ਦੀ ਕਿਸਮਤ ਹੈ ਭਰਨੀ ਪੱਥਰਾਂ ਦੇ ਨਾਲ ਝੋਲ