ਸਿਆਹ ਚਸ਼ਮੇ ਮਗਰ ਅੱਖਾਂ ਲੁਕੋ ਕੇ
ਘਰੋਂ ਨਿਕਲੀ ਏ ਰੇਤਾ ਝੀਲ ਹੋ ਕੇ
ਤੇਰਾ ਸੁਫ਼ਨਾ ਹਜ਼ਾਰਾਂ ਨਾਲ ਜਾਗੇ
ਤੂੰ ਸੌਂ ਗਈ ਕੁਆਰਪਨ ਬਾਹੀਂ ਲੁਕੋ ਕੇ
ਬਦਨ ਦੀ ਪਰਤ ਹੀ ਪਾਸੇ ਨਾ ਹੋਈ
ਮੈਂ ਤੈਨੂੰ ਵੇਖਣਾ ਸੀ ਕੋਲ ਹੋ ਕੇ
ਨਹੀਂ ਖੁਰਿਆ ਤਿਰਾ ਸੁਫ਼ਨਾ ਨਜ਼ਰ ਚੋਂ
ਅਸਾਂ ਦੇਖੇ ਨੇ ਹੰਝੂ ਬਹੁਤ ਰੋ ਕੇ
ਨਗਰ ਦੇ ਨਾਲ ਕੈਸੀ ਸਾਂਝ ਹੈ ਇਹ
ਕਿ ਬਾਰੀ ਖੋਲ੍ਹ ਛੱਡੀ ਬਾਰ ਢੋ ਕੇ
ਇਨੂੰ ਦੱਬੀਏ ਕਿ ਏਨੂੰ ਸਾੜ ਦੇਈਏ
ਅਸੀਂ ਥੱਕੇ ਹਾਂ ਰੂਹ ਦੀ ਲਾਸ਼ ਢੋ ਕੇ
ਜੇ ਜੀਣਾਂ ਕੰਵਲ ਬਣ ਉਗੀਂ ਤਲਾ ਵਿਚ
ਹਨ੍ਹੇਰੇ ਨੇ ਕਿਹਾ ਅੱਗ ਨੂੰ ਡੁਬੋ ਕੇ
ਸੀ ਝਿਲਮਿਲ ਕਰ ਰਿਹਾ ਅਸਮਾਨ ਵਾਂਗੂੰ
ਮੈਂ ਤੱਕਿਆ ਸ਼ਹਿਰ ਨੂੰ ਦੂਰੋਂ ਖਲੋ ਕੇ
ਖਿਲਾ ਵਿਚ ਘੁੰਮ ਰਹੇ ਪੱਥਰ ਵਿਚਾਰੇ
ਮੈਂ ਅੰਬਰ ਦੇਖਿਆ ਹੈ ਕੋਲ ਹੋ ਕੇ