ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ
ਮੈਥੋਂ ਚੱਲ ਨਹੀਂ ਹੋਵਦਾ, ਸਭ ਕੁਝ ਲੈ ਕੇ ਨਾਲ
ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ
ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ
ਪੈਰ ਸੀ ਉਸਦੇ ਅੱਗ ਦੇ, ਪਰ ਮੈਂ ਵਿਛਿਆ ਹੀ ਰਿਹਾ
ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ
ਡੁਬ ਜਾਣਾ ਸੀ ਚੰਦ ਨੇ. ਛੁਪ ਜਾਣਾ ਸੀ ਤਾਰਿਆਂ
ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ
ਰਹਿ ਗਿਆ ਨਾਮ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ
ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ
ਲੱਖ ਸਫ਼ਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ
ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ
ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ
ਕਿੰਨੀ ਵਾਰੀ ਤ੍ਰਭਕ ਕੇ ਉਠੀ ਰੂਹ ਦੀ ਢਾਲ
ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖ਼ਾਬ ਦਾ
ਖ਼ਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ