ਰੂਹ ਨੂੰ ਸੂਲੀ ਟੰਗ ਕੇ, ਛਾਂਟੇ ਖੂਨ 'ਚ ਰੰਗ ਕੇ
ਪੁੱਛੇ ਅਪਣੇ ਆਪ ਤੋਂ ਰਾਹੀਂ ਲੱਖ ਸੁਆਲ
ਅੰਦਰੋਂ ਕੋਈ ਨਾ ਬੋਲਿਆ, ਰੂਹ ਨੇ ਭੇਦ ਨ ਖੋਲ੍ਹਿਆ
ਛਿੱਟੇ ਡਿਗੇ ਜ਼ਮੀਨ ਤੇ, ਲਹੂ ਨਾਲੋਂ ਵੀ ਲਾਲ
ਅਪਣਾ ਜਿਗਰੀ ਯਾਰ ਸੀ. ਲਿਖਣਾ ਅਤਿ ਦਰਕਾਰ ਸੀ
ਉਸ ਦੀ ਹਿਕ ਤੇ ਆਪਣਾ ਨਾਂ ਨਸ਼ਤਰ ਦੇ ਨਾਲ
ਕਿੰਜ ਕਚਹਿਰੀ ਵਾੜਦਾ, ਮੈਂ ਕਿੰਜ ਕਟਹਿਰੇ ਚਾੜ੍ਹਦਾ
ਦੋਸ਼ੀ ਤਾਂ ਮਾਹੌਲ ਸੀ, ਪਰ ਕਿੰਜ ਲਿਆਉਂਦਾ ਨਾਲ
ਦਰਿਆ ਮੇਰਾ ਵਕੀਲ ਸੀ, ਕਾਲੀ ਪੌਣ ਦਲੀਲ ਸੀ
ਜੰਗਲ ਮੇਰਾ ਸੀ ਗਵਾਹ, ਕੋਈ ਨਹੀਂ ਆਇਆ ਨਾਲ
ਬਿੱਫਰੀ ਹੋਈ ਰਾਤ ਸੀ, ਕੀ ਮੇਰੀ ਔਕਾਤ ਸੀ
ਕੀ ਕਰਦਾ ਤਕਰਾਰ ਮੈਂ ਦਰਿਆਵਾਂ ਦੇ ਨਾਲ
ਇਕ ਇਕ ਕਤਰੇ ਵਿਚ ਸਨ, ਸੋ ਬਦੀਆਂ ਸੌ ਨੇਕੀਆਂ
ਮੈਂ ਤਾਂ ਯਾਰੋ ਖੁਰ ਗਿਆ ਘੁਲ ਘੁਲ ਅਪਣੇ ਨਾਲ
ਕਿੱਥੋਂ ਕਿੱਥੋਂ ਰੱਖਣਾ ਤੇ ਕਿੱਥੋਂ ਕਿੱਥੋਂ ਵੱਢਣਾ
ਸਾਰਾ ਨਹੀਂ ਹਰਾਮ ਮੈਂ ਸਾਰਾ ਨਹੀਂ ਹਲਾਲ