ਚੰਨ ਸਿਤਾਰੇ ਗਰਦਸ਼ਾਂ, ਗ੍ਰਹਿ ਨਕਸ਼ੱਤਰ ਓੜਕਾਂ
ਮੈਂ ਇਕ ਜ਼ੱਰਾ ਖ਼ਾਕ ਦਾ, ਇਕ ਛਿਣ ਏਨ੍ਹਾਂ ਨਾਲ
ਬਣ ਕੇ ਲਾਂਬੂੰ ਅੱਗ ਦਾ, ਮੇਰੇ ਘਰ ਵਿਚ ਆ ਗਈ
ਦੂਜੇ ਘਰ ਦੀ ਕੰਧ ਤੋਂ, ਫੁੱਲਾਂ ਦੀ ਇਕ ਡਾਲ
ਭੇਤ ਨਹੀਂ ਕੀ ਕਰ ਗਿਆ, ਮਨ ਅੰਦਰ ਕੀ ਮਰ ਗਿਆ
ਪਾਣੀ ਰਹਿ ਗਿਆ ਤੜਪਦਾ ਸਿਲ ਪਥਰਾਂ ਦੇ ਨਾਲ
ਖੋਟਾ ਹੀ ਜਦ ਆਪ ਸਾਂ, ਪੋਟਾ ਪੋਟਾ ਪਾਪ ਸਾਂ
ਤੀਰ ਚਲਾਉਂਦਾ ਕੇਸ 'ਤੇ ਕਰਦਾ ਕਿਨੂੰ ਹਲਾਲ
ਪਹਿਲੀ ਵਾਰੀ ਵੇਖਿਆ ਦੁਖ ਹਤਿਆਰਾ ਹੋਣ ਦਾ
ਰੋਇਆ ਰਲ ਕੇ ਆਪਣੇ ਮਕਤੂਲਾਂ ਦੇ ਨਾਲ
ਜਿਸਮ ਤੇ ਛਾਂਟੇ ਜਰਨ ਨੂੰ, ਜੀ ਨਹੀਂ ਕਰਦਾ ਮਰਨ ਨੂੰ
ਉਂਜ ਤਾਂ ਮੈਂ ਵੀ ਚੋਰ ਹਾਂ, ਛੁਪਿਆ ਹਾਂ ਚੰਡਾਲ
ਜਿਸ ਨੇ ਚਸ਼ਮਾ ਡੱਕਿਐ, ਪੱਥਰ ਮੇਰੀ ਹੋਂਦ ਹੈ
ਚੀਰੋ, ਮੇਰੀ ਹਿੱਕ ਨੂੰ ਤਲਵਾਰਾਂ ਦੇ ਨਾਲ
ਬੇਰਹਿਮਾਂ ਦੀ ਚਾਕਰੀ, ਮੁੜ੍ਹਕੇ ਭਿੱਜਿਆ ਟੁੱਕ
ਜੇ ਕੋਈ ਸਾਡਾ ਮਿਲ ਪਿਆ, ਦੱਸ ਨਾ ਦੇਣਾ ਹਾਲ