ਕੀ ਖ਼ਬਰ ਸੀ ਜੱਗ ਤੈਨੂੰ ਇਸ ਤਰ੍ਹਾਂ ਭੁਲ ਜਾਇਗਾ
ਡਾਕ ਨਿਤ ਆਏਗੀ ਤੇਰੇ ਨਾਂ ਦਾ ਖ਼ਤ ਨਾ ਆਇਗਾ
ਤੂੰ ਉਸੇ ਨੂੰ ਚੁਕ ਲਵੇਂਗਾ ਤੇ ਪੜ੍ਹੇਗਾ ਖ਼ਤ ਦੇ ਵਾਂਗ
ਕੋਈ ਸੁੱਕਾ ਪੱਤਾ ਟੁੱਟ ਕੇ ਸਰਦਲਾਂ ਤਕ ਆਇਗਾ
ਰੰਗ ਕੱਚੇ ਸੁਰਖੀਆਂ ਹੋਵਣਗੇ ਅਖ਼ਬਾਰਾਂ ਦੀਆਂ
ਤੇਰੇ ਡੁੱਲ੍ਹੇ ਖੂਨ ਦੀ ਕੋਈ ਖ਼ਬਰ ਤਕ ਨਾ ਲਾਇਗਾ
ਰੇਡੀਓ ਤੋਂ ਨਸ਼ਰ ਨਿਤ ਹੋਵੇਗਾ ਦਰਿਆਵਾਂ ਦਾ ਸ਼ੋਰ
ਪਰ ਤੇਰੇ ਥਲ ਤੀਕ ਕਤਰਾ ਨੀਰ ਦਾ ਨਾ ਆਇਗਾ
ਰਹਿਣਗੇ ਵੱਜਦੇ ਸਦਾ ਟੇਪਾਂ ਦੇ ਵਿੱਚ ਪੱਛਮ ਦੇ ਗੀਤ
ਸ਼ਹਿਰ ਦੀ ਰੋਂਦੀ ਹਵਾ ਦਾ ਜ਼ਿਕਰ ਤਕ ਨਾ ਆਇਗਾ
ਇਸ ਤਰ੍ਹਾਂ ਸਭ ਝੁਲਸ ਜਾਵਣਗੇ ਤੇਰੇ ਰੀਝਾਂ ਦੇ ਬਾਗ
ਮੋਹ ਦੀ ਸੰਘਣੀ ਛਾਂ ਦਾ ਤੈਨੂੰ, ਖ਼ਾਬ ਤਕ ਨਾ ਆਇਗਾ
ਤੂੰ ਭਲਾ ਕੀ ਕਰ ਸਕੇਂਗਾ ਔੜ ਦਾ ਕੋਈ ਇਲਾਜ
ਹੰਝੂ ਇਕ ਆਏਗਾ, ਉਹ ਵੀ ਪਲਕ ਤੇ ਸੁਕ ਜਾਇਗਾ
ਸੜਕ ਤੇ ਵੇਖੇਂਗਾ ਨੰਗੇ ਪੈਰ ਭੱਜਦੀ ਛਾਂ ਜਿਹੀ
ਇਹ ਮੁਹੱਬਤ ਹੈ ਜਾਂ ਮਮਤਾ, ਯਾਦ ਕੁਛ ਕੁਛ ਆਇਗਾ