ਲੋੜ ਕੀ ਹੈ ਏਸ ਦੀ ਕੋਈ ਯਾਦਗਾਰ ਬਣਾਉਣ ਦੀ
ਬਿਰਖ ਸੁਕ ਜਾਏਗਾ, ਬਿਲਕੁਲ ਬੁੱਤ ਹੀ ਬਣ ਜਾਇਗਾ
ਹਾਸਿਆਂ ਦੀ ਉਮਰ ਵਿਚ ਹੋਵੇਗਾ ਇਕ ਉਹ ਹਾਦਸਾ
ਫਿਰ ਤੇਰੇ ਰਾਹਾਂ 'ਚ ਕੋਈ ਹਾਦਸਾ ਨਾ ਆਇਗਾ
ਉਹ ਤੇਰੀ ਸੰਭਾਵਨਾ ਦੇ ਬੀਜ ਹੀ ਲੂਹ ਦੇਣਗੇ
ਤੇਰੇ ਮੱਥੇ ਵਿਚ ਤੇਰਾ ਸਰਬੰਸ ਮਰ ਖਪ ਜਾਇਗਾ
ਇੱਕੋ ਬੂਟੀ ਪਾਏਗੀ ਚਾਦਰ 'ਤੇ ਤੇਰੇ ਨਾਮ
ਦੀ ਫਿਰ ਤੇਰੀ ਮਹਿਬੂਬ ਨੂੰ ਕੰਡਿਆਂ ਨਾ ਵਿੰਨ੍ਹਿਆ ਜਾਇਗਾ
ਚੜ੍ਹਦੇ ਸੂਰਜ ਨਾਲ ਹੀ ਆਏਗੀ ਇਕ ਐਸੀ ਖ਼ਬਰ
ਡੁਬਦੇ ਚੜ੍ਹਦੇ ਸੂਰਜਾਂ ਦਾ ਫ਼ਰਕ ਹੀ ਮਿਟ ਜਾਇਗਾ
ਮੰਨਿਆ ਕਿ ਹਰੇਕ ਕੰਡਾ ਉੱਗੇਗਾ ਅੰਦਰ ਦੇ ਵੱਲ
ਜਿਸਮ ਤੇਰਾ ਕੰਡਿਆਂ ਦਾ ਰੁੱਖ ਪਰ ਬਣ ਜਾਇਗਾ
ਜਦ ਹਵਾ ਝੱਲੇਗੀ ਤੇਰੇ ਸ਼ਹਿਰ ਵਿਚ ਤੇਰੇ ਖ਼ਿਲਾਫ
ਰੁੱਖ ਤੇਰੇ ਵਿਹੜੇ ਦਾ ਵੀ ਸਭ ਨਾਲ ਹੀ ਰਲ ਜਾਇਗਾ
ਫੇਰ ਲੱਗੇਗੀ ਕਚਹਿਰੀ ਆਤਮਾ ਦੀ ਸੁੰਞ ਵਿਚ
ਆਪ ਮੁਨਸਿਫ਼ ਆਤਮਾ ਦੀ ਸੂਲੀ 'ਤੇ ਚੜ੍ਹ ਜਾਇਗਾ