ਕਿਸ ਕਿਸ ਨਾਲ ਝਗੜਦਾ ਆਖ਼ਰ ਸਿਰ 'ਤੇ ਉਲਝੇ ਵਾਲ
ਲੜ ਪਿਆ ਨਾਲ ਹਵਾ ਦੇ ਕੱਢੀ ਚੰਨ ਚੜ੍ਹੇ ਨੂੰ ਗਾਲ
ਅੱਧੀ ਲਾਸ਼ ਸੜੀ ਨਾ ਹਾਲੇ ਕਣੀਆਂ ਪਈਆਂ ਲੱਥ
ਸਾਰੀ ਉਮਰ ਦੇ ਤਪਦੇ 'ਤੇ ਅਜ ਹੋਇਆ ਰੱਬ ਦਿਆਲ
ਜੀਵਨ ਵੇਚੇ ਮੌਤ ਖਰੀਦੇ ਮੰਡੀ ਮਚਿਆ ਸ਼ੋਰ
ਉਮਰ ਮੇਰੀ ਦਾ ਸੌਦਾ ਕਰਦੀ ਕਵਿਤਾ ਵਿਚ ਦਲਾਲ
ਹਾਲੇ ਤੀਕਰ ਹਰਫ਼ਾਂ ਦੇ ਵਿਚ ਜਗੀ ਨਾ ਸੂਹੀ ਲੋਅ
ਵਰਕੇ ਕਾਲੇ ਕਰਦਿਆਂ ਯਾਰੋ ਚਿੱਟੇ ਹੋ ਗਏ ਵਾਲ
ਇਸ ਨੂੰ ਡਰ ਹੈ ਸ਼ਾਮਾਂ ਵੇਲੇ ਨਈਂ ਪਰਤਾਂਗਾ ਘਰ
ਢੱਠੇ ਘਰ ਦਾ ਮਾਤਮ ਮੇਰੇ ਹਰ ਪਲ ਤੁਰਦਾ ਨਾਲ
ਰੂਹ ਦਾ ਖ਼ਾਲੀਪਨ ਹੈ ਯਾਰੋ ਕੀ ਰੌਣਕ ਕੀ ਮੇਲੇ
ਇਹ ਕੋਈ ਆਕਾਸ਼ ਨਹੀਂ ਜੋ ਭਰ ਜਾਏ ਤਾਰਿਆਂ ਨਾਲ
ਚੋਟਾਂ ਖਾ ਕੇ ਆਖ਼ਰ ਖ਼ੁਦ ਹੀ ਪੱਥਰ ਜਾਵੇ ਹੋ
ਦਿਲ ਹੈ ਕੋਈ ਜਿਸਮ ਨਹੀਂ ਹੈ ਮੰਗੇ ਜਿਹੜਾ ਢਾਲ
ਦਿਲ ਦੀ ਧੂਣੀ ਫੋਲ ਨਾ ਯਾਰਾ ਨਾਜ਼ਕ ਤੇਰੇ ਪੋਟੇ
ਗੀਤਾਂ ਜੋਗੀ ਉਮਰਾ ਤੇਰੀ ਪੁੱਛ ਨਾ ਸਾਡਾ ਹਾਲ
ਕਾਲਾ ਸੂਰਜ, ਤਿੜਕਿਆ ਅੰਬਰ, ਧੁਖਦਾ ਚੰਦ ਸਿਆਹ
ਬੜੇ ਵਧਾਈ ਪੱਤਰ ਮੈਨੂੰ ਆਏ ਨੇ ਇਸ ਸਾਲ