ਜ਼ਖਮ ਨੂੰ ਜ਼ਖਮ ਲਿਖੋ ਖਾਮਖਾ ਕੰਵਲ ਨਾ ਲਿਖੋ
ਸਿਤਮ ਹਟਾਉ ਸਿਤਮ ਤੇ ਨਿਰੀ ਗਜ਼ਲ ਨਾ ਲਿਖੋ
ਅਜਾਈਂ ਮਰਨਗੇ ਹਰਫ਼ਾਂ ਦੇ ਹਿਰਨ ਖਪ ਖਪ ਕੇ
ਚਮਕਦੀ ਰੇਤ ਨੂੰ ਯਾਰੋ ਨਦੀ ਦਾ ਤਲ ਨਾ ਲਿਖੋ
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ
ਹੁਸਨ ਨੂੰ ਹੁਸਨ ਲਿਖੋ ਕਤਲ ਨੂੰ ਕਤਲ ਨਾ ਲਿਖੋ
ਜੋ ਲੱਗਿਆ ਵਿਹੜੇ 'ਚ ਆਸਾਂ ਦਾ ਰੁੱਖ ਸੁਕਾ ਦੇਵੇ
ਘਰਾਂ ਨੂੰ ਖ਼ਤ ਜੇ ਲਿਖੇ ਇਸਤਰਾਂ ਦੀ ਗਲ ਨਾ ਲਿਖੋ
ਜੇ ਅਪਣੇ 'ਜ਼ੁਲਮ' ਨੂੰ ਕਹਿਣਾ ਹੈ 'ਇੰਤਜ਼ਾਮ' ਤੁਸਾਂ
ਤਾਂ ਸਾਡੀ ਹੱਕ ਦੀ ਆਵਾਜ਼ ਨੂੰ ਖ਼ਲਲ ਨਾ ਲਿਖੋ