ਤਿਲਮਿਲਾਂਦੇ ਦਿਨ ਮਿਲੇ ਕੁਝ ਮੁਸਕਰਾਂਦੇ ਦਿਨ ਮਿਲੇ
ਸ਼ਹਿਰ ਵਿਚ ਤੇਰੇ ਅਸਾਨੂੰ ਹਰ ਤਰ੍ਹਾਂ ਦੇ ਦਿਨ ਮਿਲੇ
ਅਗਨ ਵਿਚ ਸੜਦੇ ਪਰਾਂ ਨੂੰ ਫੜਫੜਾਂਦੇ ਦਿਨ ਮਿਲੇ
ਰਾਤ ਦੇ ਦਰਿਆ 'ਚ ਡੁਬ ਕੇ ਮਰਨ ਜਾਂਦੇ ਦਿਨ ਮਿਲੇ
ਓੜ ਕੇ ਮੁੱਖ ਤੇ ਸਵੇਰਾ, ਸੀਨਿਆਂ ਵਿਚ ਲੈ ਕੇ ਸ਼ਾਮ
ਰਾਤ ਦੇ ਬਾਜ਼ਾਰ ਅੰਦਰ ਵਿਕਣ ਜਾਂਦੇ ਦਿਨ ਮਿਲੇ
ਮੈਂ ਸਮਝਦਾ ਸਾਂ ਕਿ ਉਸ ਵਿਚ ਕੁਝ ਨਹੀਂ ਪਿੰਜਰ ਸਿਵਾਇ
ਦੇਖਿਆ ਤਾਂ ਕਬਰ ਦੇ ਵਿਚ ਬਿਲਬਿਲਾਂਦੇ ਦਿਨ ਮਿਲੇ
ਸੁਬਹ ਵਰਗੀ ਰੂਹ ਸੀ ਉਸਦੀ ਰਾਤ ਵਰਗੀ ਹੋ ਗਈ
ਜ਼ਿੰਦਗੀ ਵਿਚ ਓਸਨੂੰ ਕੁਝ ਇਸ ਤਰ੍ਹਾਂ ਦੇ ਦਿਨ ਮਿਲੇ
ਕੋਈ ਅਠਿਆਨੀ ਜਿਹਾ ਸੀ ਕੋਈ ਸੀ ਦਮੜੀ ਜਿਹਾ
ਉਸਦੇ ਘਰ ਚੋਂ ਮੇਰੇ ਗੁਮ ਹੋਏ ਚਿਰਾਂ ਦੇ ਦਿਨ ਮਿਲੇ
ਸੜਕ ਉਤੇ ਡੁੱਲ੍ਹੇ ਹੋਏ ਉਸਦੇ ਗਭਰੂ ਖੂਨ 'ਚੋਂ
ਉਮਰ ਦੇ ਬਾਕੀ ਹਜ਼ਾਰਾਂ ਝਿਲਮਿਲਾਂਦੇ ਦਿਨ ਮਿਲੇ