ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ
ਤੇਰੀ ਚੁੱਪ ਨੇ ਜੀਰ ਹੀ ਲਈਆਂ ਸਾਰੀਆਂ
ਤੂੰ ਜੋ ਚੁਪ ਚੁਪ ਕੇਰੇਂ ਅਪਣੀ ਰੇਤ ਵਿਚ
ਓਨ੍ਹਾਂ ਹੰਝੂਆਂ ਨਾਲ ਅਸਾਡੀਆਂ ਯਾਰੀਆਂ
ਦੇਖ ਉਨ੍ਹਾਂ ਦਾ ਕਿੰਨਾ ਸ਼ੋਰ ਜਹਾਨ ਵਿਚ
ਤੂੰ ਜੋ ਸਾਨੂੰ ਚੁਪ ਚੁਪ ਵਾਜਾਂ ਮਾਰੀਆਂ
ਡੁਬਦਾ ਡੁਬਦਾ ਸੂਰਜ ਫਿਰ ਵੀ ਡੁਬ ਗਿਆ
ਸ਼ਾਖਾਂ ਨੇ ਤਾਂ ਬਾਹਾਂ ਲੱਖ ਪਸਾਰੀਆਂ
ਡੁਬਦਾ ਸੂਰਜ ਹੋਰ ਵੀ ਸੁਹਣਾ ਹੋ ਗਿਆ
ਭਾਹਾਂ ਤੇਰੇ ਵਿਛੜਨ ਜਿਹੀਆਂ ਮਾਰੀਆਂ
ਕੱਲ੍ਹ ਨੂੰ ਫੇਰ ਚੜ੍ਹੇਗਾ ਸੂਰਜ ਸ਼ਹਿਰ ਵਿਚ
ਜੇ ਸਜਣਾਂ ਦੇ ਘਰ ਦੀਆਂ ਖੁੱਲ੍ਹੀਆਂ ਬਾਰੀਆਂ