ਖ਼ਾਕ ਵਿਚ ਸੁਟਿਆ ਗਿਆ ਤਾਂ ਇਹ ਵੀ ਦੁਖ ਜਰਨਾ ਪਿਆ
ਮੇਰੇ ਵਿਚ ਵੀ ਫੁੱਲ ਨੇ ਮੈਨੂੰ ਵੀ ਸਿਧ ਕਰਨਾ ਪਿਆ
ਮੈਂ ਹਵਾ ਵਿਚ ਤਰਦਾ ਦੀਵਾ, ਤੇਰੇ ਘਰ ਮੇਰੀ ਉਡੀਕ
ਤੇਰੀ ਖ਼ਾਤਰ ਪੌਣ ਦੀ ਹਰ ਲਹਿਰ ਤੋਂ ਡਰਨਾ ਪਿਆ
ਜਿਸ ਦੀ ਖ਼ਾਤਰ ਦੁਖ ਜਰੇ, ਦਰਬਾਰ ਨੂੰ ਕੀਤਾ ਖ਼ਫ਼ਾ
ਉਸ ਦੇ ਦਰਬਾਰੀ ਬਣਨ ਦਾ ਦਰਦ ਵੀ ਜਰਨਾ ਪਿਆ।
ਫਿੱਕਾ ਫਿੱਕਾ ਹੋ ਗਿਆ ਸੀ ਦੋਸਤੋ ਸ਼ਾਮਾਂ ਦਾ ਰੰਗ
ਖੂਨ ਗੀਤਾਂ ਵਿਚ ਤਦੇ ਕੁਝ ਹੋਰ ਵੀ ਭਰਨਾ ਪਿਆ
ਮੁੱਦਤਾਂ ਤੋਂ ਉਸ 'ਚ ਕੋਈ ਕੰਵਲ ਨਈਂ ਸੀ ਉੱਗਿਆ
ਡੁਬ ਕੇ ਕਾਲੀ ਝੀਲ ਵਿਚ ਉਸ ਨੂੰ ਤਦੇ ਮਰਨਾ ਪਿਆ