ਨਾ ਤਾਂ ਮੈਂ ਤਾਰੇ ਚੜ੍ਹਾਏ ਨਾ ਮੈਂ ਸੂਰਜ ਡੋਬਿਆ
ਕਿਸ ਲਈ ਤੂੰ ਨਾਂਉਂ ਮੇਰਾ ਸ਼ਾਇਰਾਂ ਵਿਚ ਲਿਖ ਲਿਆ।
ਆ ਗਿਆ ਪਤਝੜ ਦਾ ਪਹਿਰਾ, ਮੈਂ ਨ ਉਸਨੂੰ ਰੋਕਿਆ,
ਮੈਂ ਤਾਂ ਸ਼ੀਸ਼ੇ ਵਿਚ ਬਦਲਦੇ ਰੰਗ ਹੀ ਤਕਦਾ ਰਿਹਾ
ਪੌੜੀਆਂ ਚੜ੍ਹ ਆਈ ਥੱਕੀ ਸ਼ਾਮ ਮੇਰੇ ਘਰ ਦੀਆਂ
ਜਿਸਮ ਦੀ ਢਲਵਾਨ ਤੋਂ ਦਿਨ ਭਰ ਦਾ ਸੂਰਜ ਡਿੱਗ ਪਿਆ
ਬਲਦੇ ਸੂਰਜ ਵਾਂਗ ਮੈਂ ਅਸਮਾਨ ਤੋਂ ਡਿਗਦਾ ਰਿਹਾ
ਸ਼ਹਿਰ ਨੇ ਮੈਨੂੰ ਤਮਾਸ਼ੇ ਵਾਂਗ ਕਈ ਦਿਨ ਦੇਖਿਆ
ਦੁਖ ਨਹੀਂ ਕਿ ਹਾਦਸਾ ਹੋਇਆ ਅਤੇ ਉਹ ਮਰ ਗਿਆ
ਦੁਖ ਤਾਂ ਹੈ ਕਿ ਹਾਦਸਾ ਕਿੰਨੇ ਵਰ੍ਹੇ ਹੁੰਦਾ ਰਿਹਾ
ਸੀ ਬਹੁਤ ਗਹਿਰੀ ਉਦਾਸੀ ਜੇ ਮੈਂ ਦਿਲ ਵਿਚ ਦੇਖਦਾ
ਇਸ ਲਈ ਮੈਂ ਸੱਖਣੇ ਅਸਮਾਨ ਵਲ ਤਕਦਾ ਰਿਹਾ,
ਓਸਦੀ ਰਗ ਰਗ 'ਚ ਅਪਣਾ ਖੂਨ ਨਾ ਮੈਂ ਵੇਖਿਆ
ਲਾਲ ਸੂਹੇ ਬਿਰਖ ਦੀ ਮੈਂ ਸ਼ਾਨ ਵਲ ਤਕਦਾ ਰਿਹਾ