ਅਪਣੇ ਤੋਂ ਤੇਰੀ ਦੋਸਤੀ ਤੀਕਰ
ਰੇਤ ਹੀ ਰੇਤ ਹੈ ਨਦੀ ਤੀਕਰ
ਮੌਤ ਰਸਤੇ 'ਚ ਮਿਲ ਗਈ ਸਾਨੂੰ
ਹਾਲੇ ਜਾਣਾ ਸੀ ਜ਼ਿੰਦਗੀ ਤੀਕਰ
ਰਸਤਾ ਅਪਣੇ ਲਹੂ 'ਚੋਂ ਜਾਂਦਾ ਹੈ
ਨਜ਼ਮਬਾਜ਼ੀ ਤੋਂ ਸ਼ਾਇਰੀ ਤੀਕਰ
ਅੱਗ ਦਾ ਇਲਜ਼ਾਮ ਲਾ ਕੇ ਲੈ ਗਏ ਉਹ
ਜਗਦੇ ਹੱਥਾਂ ਨੂੰ ਹਥਕੜੀ ਤੀਕਰ
ਦੇਖਦੇ ਹਾਂ ਕਿ ਕਿਹੜਾ ਜੂਨ ਦਾ ਦਿਨ
ਤਪਦਾ ਰਹਿੰਦਾ ਹੈ ਜਨਵਰੀ ਤੀਕਰ
ਏਨ੍ਹਾਂ ਹੇਠਾਂ ਨੂੰ ਜ਼ਹਿਰ ਨਾ ਦੇਣਾ
ਏਨ੍ਹਾਂ ਜਾਣਾ ਹੈ ਬੰਸਰੀ ਤੀਕਰ
ਅਪੜਦੇ ਹੱਥ ਹੋ ਗਏ ਮੈਲੇ
ਤੇਰੇ ਚਿਹਰੇ ਦੀ ਤਾਜ਼ਗੀ ਤੀਕਰ
ਧੂੰਆਂ ਬਣ ਕੇ ਜੇ ਪਹੁੰਚੇ ਕੀ ਪਹੁੰਚੇ
ਤੇਰੇ ਚਿਹਰੇ ਦੀ ਚਾਨਣੀ ਤੀਕਰ
ਅੰਨ੍ਹੇ ਯੁਗ ਨੂੰ ਪੁਚਾ ਦਿਓ ਯਾਰੋ
ਏਦ੍ਹੇ ਨੈਣਾਂ ਦੀ ਰੌਸ਼ਨੀ ਤੀਕਰ
ਆਪੋ ਵਿਚ ਘੁਲ ਕੇ ਬਣਦੇ ਨੇ ਸਾਰੇ
ਰੰਗ ਚਿੱਟੇ ਤੋਂ ਜਾਮਨੀ ਤੀਕਰ
ਕਿਸ਼ਤੀਆਂ ਨੇ ਥਲਾਂ 'ਚ ਪਈਆਂ ਨੇ
ਏਨ੍ਹਾਂ ਨੂੰ ਲੈ ਚਲੋ ਨਦੀ ਤੀਕਰ
ਲਫ਼ਜ਼ ਹਾਂ ਗਾਲੀਆਂ 'ਚ ਰੁਲਦੇ ਹਾਂ
ਸਾਨੂੰ ਲੈ ਜਾਓ ਸ਼ਾਇਰੀ ਤੀਕਰ