

ਕਿਸੇ ਦਰ ਨਾ ਦੀਵਾ ਮਿਰੇ ਨਾਂ ਦਾ ਬਲਦਾ
ਹਵਾ ਨਾਲ ਕਿਸਦੇ ਸਹਾਰੇ ਮੈਂ ਲੜਦਾ
ਹਵਾਵਾਂ ਦੀ ਸਾਂ ਸਾਂ ਦਾ ਮਤਲਬ ਹੀ ਕੀ ਸੀ
ਜਦੋਂ ਮੇਰਾ ਪਿੰਜਰ ਸੀ ਰੇਤੇ 'ਚ ਸੜਦਾ
ਮੈਂ ਰੇਤੇ ਤੇ ਬਿਲਕੁਲ ਇਕੱਲਾ ਸਾਂ ਤੁਰਦਾ
ਤੇ ਰੇਤਾ 'ਚ ਮੇਰਾ ਕਬੀਲਾ ਸੀ ਗ਼ਲਦਾ
ਤੇਰੀ ਸਾਂਝ ਵੀ ਜੱਗ ਦੇ ਮੌਸਮ ਨਾ' ਪੈਂਦੀ
ਕੋਈ ਤੇਰੇ ਆਂਗਣ 'ਚ ਬੂਟਾ ਜੇ ਪਲਦਾ
ਪਿਆ ਹੀ ਰਿਹਾ ਖੂਨੀ ਜੰਗਲ 'ਚ ਹਾਸਾ
ਕਦੀ ਏਸ ਗਲ ਦਾ ਕਦੀ ਓਸ ਗਲ ਦਾ
ਮੇਰਾ ਜੀ ਕਰੇ ਮੈਂ ਸਮੁੰਦਰ ਹੋ ਜਾਵਾਂ
ਜਦੋਂ ਵੀ ਉਜਾੜਾਂ 'ਚ ਸੂਰਜ ਹੈ ਢਲਦਾ