

ਜਿਸਮ ਅਪਣਾ ਰੂਹ ਲਈ ਸੂਲੀ ਜਿਹਾ ਕਿਉਂ ਹੋ ਗਿਆ
ਉਮਰ ਨੂੰ ਕੱਟਣਾ ਹੀ ਇਕ ਲੰਮੀ ਸਜ਼ਾ ਕਿਉਂ ਹੋ ਗਿਆ
ਹਾਲੇ ਤਾਂ ਕੁਝ ਕਹਿਣ ਨੂੰ ਉਹ ਤਰਸਦੇ ਸਨ ਮੁਨਸਿਫ਼ੋ
ਏਨੀ ਛੇਤੀ ਮੁਜਰਮਾਂ ਦਾ ਫ਼ੈਸਲਾ ਕਿਉਂ ਹੋ ਗਿਆ
ਮੈਂ ਨਿਪੱਤਰਾ ਕਹਿ ਕੇ ਮਾਰੀ ਵਾਜ ਆਪਣੇ ਆਪ ਨੂੰ
ਚੱਕ ਵਿਚ ਲੋਕਾਂ ਦਾ ਇਹ ਝੁਰਮਟ ਖੜਾ ਕਿਉਂ ਹੋ ਗਿਆ
ਕਿਉਂ ਕਿਤੇ ਮਿਲਦਾ ਨਹੀਂ ਘੁਟ ਮੋਹ ਦਾ ਪਾਣੀ ਪੀਣ ਨੂੰ
ਹਰ ਨਗਰ ਹਰ ਸ਼ਹਿਰ ਹੀ ਹੁਣ ਕਰਬਲਾ ਕਿਉਂ ਹੋ ਗਿਆ
ਕਿਉਂ ਮੇਰੀ ਆਤਮ-ਕਥਾ ਵਿਚ ਸੁਬਹ ਦਾ ਸੂਰਜ ਨਹੀਂ
ਮੇਰਾ ਜੀਵਨ ਏਨੀ ਲੰਮੀ ਸੰਧਿਆ ਕਿਉਂ ਹੋ ਗਿਆ