

ਡੁੱਬ ਚੁੱਕਿਆਂ ਦੀ ਫੇਰ ਕਥਾ ਕਿਉਂ ਛੇੜ ਲਈ
ਹੁਣ ਤਾਂ ਦਿਲ ਦਰਿਆ ਵਗਦਾ ਸੀ ਸ਼ਾਂਤਮਈ
ਕਾਲੀ ਰਾਤ ਦੀਆਂ ਫੌਜਾਂ ਨਾ ਲੜਨ ਲਈ
ਮੈਂ ਵੀ ਆ ਪਹੁੰਚਾ ਹਾਂ ਅਪਣਾ ਸਾਜ਼ ਲਈ
ਹੋਵੇ ਪੇਸ਼ ਸਵੇਰਾ ਸੂਰਜ ਦਾ ਜਾਇਆ
ਨ੍ਹੇਰੇ ਦੇ ਦਰਬਾਰ 'ਚ ਮੈਨੂੰ ਹਾਕ ਪਈ
ਸੁੱਕੇ ਪੀਲੇ ਰੁੱਖ ਸਫ਼ਾਈ ਮੇਰੀ ਵਿਚ
ਤੁਰ ਕੇ ਔਂਦੇ ਕਿੰਜ ਗਵਾਹੀ ਦੇਣ ਲਈ
ਏਨਾ ਉੱਚਾ ਤਖ਼ਤ ਸੀ ਅਦਲੀ ਰਾਜੇ ਦਾ
ਮਜ਼ਲੂਮਾਂ ਦੀ ਉਮਰ ਹੀ ਰਾਹ ਵਿਚ ਬੀਤ ਗਈ
ਮਾਪਣ ਨੂੰ ਗਹਿਰਾਈ ਮੇਰੀਆਂ ਸੋਚਾਂ ਦੀ
ਮੇਰੀ ਹਿਕ ਵਿਚ ਤੇਗ ਉਨ੍ਹਾਂ ਨੇ ਡੋਬ ਲਈ
ਏਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ