

ਧਾਂਤ ਦਾ ਬਿਨਾਂ ਦਵਾ ਇਲਾਜ
ਸੁਪਨ ਦੋਸ਼ ਵਿਚ ਦਿੱਤੀਆਂ ਹੋਈਆਂ ਹਦਾਇਤਾਂ ਨੰ. 2, 3, 4, 5, 9, 12, 13, 15, 17 ਉਤੇ ਪਾਬੰਦੀ ਨਾਲ ਅਮਲ ਕਰਨਾ ਚਾਹੀਦਾ ਹੈ।
(2) ਨੋਟ ਕਰਨਾ ਚਾਹੀਦਾ ਹੈ ਕਿ ਧਾਂਤ ਕਿਸ ਵੇਲੇ ਕਿੰਨੀ ਅਤੇ ਕਿਸ ਰੰਗ ਦੀ ਜਾਂਦੀ ਹੈ। ਲੇਸਦਾਰ, ਪਾਣੀ ਦੇ ਰੰਗ ਦੀ, ਦੁੱਧੀਆ ਰੰਗ ਦੀ, ਪਤਲੀ ਜਾਂ ਸੰਘਣੀ, ਪਿਸ਼ਾਬ ਤੋਂ ਪਹਿਲੋਂ ਜਾਂ ਪਿੱਛੋਂ ਜਾਂ ਕਾਮ ਦਾ ਧਿਆਨ ਆਉਣ ਪਿੱਛੋਂ । ਸਵੇਰੇ ਅੰਮ੍ਰਿਤ ਵੇਲੇ ਟੱਟੀ ਜਾਣ ਸਮੇਂ ਪਿਸ਼ਾਬ ਨਾਲ ਨਿਕਲਦੀ ਹੈ ਜਾਂ ਕੀ ਕਬਜ਼ ਦੀ ਹਾਲਤ ਵਿਚ ? ਇਹ ਸਾਰੀਆਂ ਗੱਲਾਂ ਮਰਜ਼ ਦੀਆਂ ਵੱਖੋ ਵੱਖ ਹਾਲਤਾਂ ਨੂੰ ਪ੍ਰਗਟ ਕਰਦੀਆਂ ਹਨ।
(3) ਰੋਟੀ ਤੋਂ 2, 3, ਜਾਂ 4 ਘੰਟਿਆਂ ਪਿੱਛੋਂ ਜਿਹੜਾ ਪਿਸ਼ਾਬ ਆਉਂਦਾ ਹੈ, ਜੇ ਉਸ ਵਿਚ ਗਾੜ੍ਹਾਪਨ ਹੋਵੇ, ਤਾਂ ਉਹ ਧਾਂਤ ਨਹੀਂ । ਉਸ ਵਿਚ ਹਾਜ਼ਮੇਂ ਦਾ ਕਸੂਰ ਸਮਝਣਾ । ਹਾਜ਼ਮੇਂ ਨੂੰ ਮਦਦ ਮਿਲਣ ਨਾਲ ਉਹ ਨੁਕਸ ਦੂਰ ਹੋ ਜਾਂਦਾ ਹੈ ।
(4) ਪਾਖਾਨੇ ਜਾਣ ਵੇਲੇ ਜ਼ੋਰ ਉੱਕਾ ਨਹੀਂ ਲਾਉਣਾ ਚਾਹੀਦਾ, ਕਿਉਂਕਿ ਜ਼ੋਰ ਲਾਉਣ ਨਾਲ ਵੀਰਜ ਦੇ ਖਜਾਨੇ 'ਤੇ ਭਾਰ ਪੈਂਦਾ ਹੈ । ਜਿੰਨਾ ਪਾਖਾਨਾ ਪੰਜ ਸੱਤ ਮਿੰਟ ਬੈਠਿਆਂ ਆਰਾਮ ਨਾਲ ਆ ਜਾਏ । ਇਸ ਦੇ ਪਿੱਛੋਂ ਉਠ ਖੜੋਵੋ । ਦਿਨ ਵਿਚ ਦੋ ਤਿੰਨ ਵਾਰੀ ਭੀ ਕਦੇ ਜਾਣਾ ਪਵੇ ਤਾਂ ਕੋਈ ਡਰ ਨਹੀਂ ਕੁਝ ਦਿਨਾਂ ਵਿਚ ਸਿਲਸਲਾ ਠੀਕ ਹੋ ਜਾਏਗਾ ।
(5) ਹਰ ਇਕ ਮਨੁੱਖ ਦਾ ਪਿਸ਼ਾਬ ਸ਼ੀਸ਼ੀ ਵਿਚ ਦੋ ਤਿੰਨ ਘੰਟੇ ਰੱਖਣ ਨਾਲ ਧੁੰਦਲਾ ਗੁਬਾਰ ਹੇਠਾਂ ਦਿਸਦਾ ਹੈ । ਰੋਗੀਆਂ ਦੇ ਪਿਸ਼ਾਬ ਵਿਚ ਗੁਬਾਰ ਬਹੁਤਾ ਹੁੰਦਾ ਹੈ, ਤੰਦਰੁਸਤਾਂ ਦੇ ਵਿਚ ਘੱਟ । ਇਹ ਝੂਠ ਹੈ ਕਿ ਉਹ ਵੀਰਜ (ਧਾਂਤ) ਹੀ ਹੁੰਦਾ ਹੈ । ਇਸ ਵਾਸਤੇ ਜ਼ਰਾ ਜਿੰਨੀ ਗਰਦ ਆਉਣ ਨਾਲ ਘਬਰਾ ਜਾਣਾ ਭੁੱਲ ਹੈ ।
ਨੋਟ- ਨਿਰੋਏ ਪਿਸ਼ਾਬ ਦਾ ਰੰਗ ਹਲਕੀ ਪਲਿੱਤਨ ਵਾਲਾ ਅਥਵਾ ਬਹੁਤ ਹਲਕੇ ਪੀਲੇ ਰੰਗ ਦਾ ਹੁੰਦਾ ਹੈ, ਪਾਣੀ ਵਾਂਗ ਬੇਰੰਗ ਨਹੀਂ ਹੁੰਦਾ ।
(6) ਜਰੀਆਨ ਦਾ ਜੇ ਕਦੇ ਦੂਜੇ ਚੌਥੇ ਮਹੀਨੇ ਪਤਾ ਲੱਗੇ ਤਾਂ ਉਸਦੀ ਚਿੰਤਾ ਨਹੀਂ ਕਰਨੀ ਚਾਹੀਦੀ। ਤੰਦਰੁਸਤ ਮਨੁੱਖ ਨੂੰ ਭੀ ਇਸ ਤਰ੍ਹਾਂ ਕਦੇ ਹੋ ਜਾਇਆ ਕਰਦਾ ਹੈ ।