

ਉਸ ਹਾਲਤ ਦਾ ਖਿਆਲ ਆਉਂਦਿਆਂ ਹੀ ਮੇਰਾ ਦਿਲ ਧੜਕਨ ਲੱਗ ਪੈਂਦਾ ਹੈ । ਇਸ ਵਿਸ਼ੇ ਕਾਮਨਾ ਦੇ ਭਿਆਨਕ ਸਬਕ ਤੋਂ ਸਿਹਤ ਗਈ, ਤੇ ਘਰ ਦਾ ਸਵਾਦ ਅਤੇ ਅਮਨ ਗਿਆ, ਪਤਨੀ ਦੀ ਮੁਹੱਬਤ ਗਈ, ਸਗੋਂ ਪਤਨੀ ਭੀ ਗਈ, ਇੱਜ਼ਤ ਗਈ ਅਤੇ ਓੜਕ ਉਹ ਤਾਕਤ ਭੀ ਗਈ, ਜਿਸ ਦੀ ਗਲਤ ਵਰਤੋਂ ਇਹਨਾਂ ਸਾਰੀਆਂ ਮੁਸੀਬਤਾਂ ਦੀ ਜੜ ਬਣੀ ।
ਮਿੱਤਰੋ ! ਡਰੋ, ਉਸ ਵੇਲੇ ਦੀ ਹਾਲਤ ਤੋਂ ਕੰਮ ਕਰਨ ਤੋਂ ਪਹਿਲੋਂ ਉਸ ਦੇ ਅੰਤ ਨੂੰ ਵਿਚਾਰੋ ! ਜੇ ਤੁਸੀਂ ਚਾਹੁੰਦੇ ਹੋ ਕਿ ਵਿਆਹ ਆਪ ਦੇ ਲਈ ਸੁਖ ਅਤੇ ਖੁਸ਼ੀ ਦਾ ਕਾਰਨ ਹੋਵੇ, ਤਾਂ ਪਹਿਲੀ ਰਾਤ ਸੁਹਾਗ ਰਾਤ ਦੀਆਂ ਕੁਝ ਰਾਤਾਂ ਵਹੁਟੀ ਨੂੰ ਇਹ ਸਿਖਿਆ ਦੇਵੋ ਕਿ ਵਿਆਹ ਦਾ ਮੁੱਖ ਮਤਲਬ ਕੇਵਲ ਕਾਮ ਚੇਸ਼ਟਾ ਦਾ ਪੂਰਾ ਕਰਨਾ ਹੀ ਨਹੀਂ, ਸਗੋਂ ਸਮਾਜਕ, ਸਰੀਰਕ, ਆਤਮਿਕ, ਦਿਮਾਗੀ, ਸੰਸਾਰੀ ਆਦਿ ਸਾਰੀਆਂ ਕਿਸਮਾਂ ਦੀ ਤਰੱਕੀ ਕਰਨਾ ਹੈ, ਜਿਹੜਾ ਕਿ ਨਾ ਇਕੱਲਾ ਮਨੁਖ ਪੂਰੀ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ 'ਨਾ ਇਕੱਲੀ ਇਸਤ੍ਰੀ । ਦੋਵੇਂ ਰਲ ਕੇ ਹੀ ਉਸਨੂੰ ਪ੍ਰਾਪਤ ਕਰ ਸਕਦੇ ਹਨ । ਮਨੁਖ ਨੇਕ ਨੀਤੀ ਨਾਲ ਧਰਮ ਦੀ ਕਮਾਈ ਚੰਗੀ ਤਰ੍ਹਾਂ ਕਮਾਵੇ ਅਤੇ ਇਸਤ੍ਰੀ ਭਲੇ ਅਰਥ ਉਸ ਨੂੰ ਖਰਚ ਕਰੇ । ਦੋਵੇਂ ਮਿਲ ਕੇ ਆਪਣੀ ਮਿਹਨਤ ਨਾਲ ਕਮਾਏ ਹੋਏ ਧਨ ਨਾਲ ਦੁਨੀਆਂ ਦੇ ਹਰ ਪ੍ਰਕਾਰ ਦੇ ਸੁਖ ਭੋਗਣ । ਚੰਗਾ ਖਾਣ, ਚੰਗਾ ਪਹਿਨਣ, ਦੁਕਾਨ ਬਣਾਨ, ਮਕਾਨ ਸਜਾਣ, ਦੇਸ਼ ਦੇਸ਼ਾਂਤਰਾਂ ਦੀ ਸੈਰ ਕਰਨ, ਭਲੇ ਕੰਮ ਕਰਦੇ ਹੋਏ ਭਲੀ ਅਤੇ ਅਰੋਗ ਔਲਾਦ ਉਤਪੰਨ ਕਰਨ । ਧਾਰਮਿਕ ਅਤੇ ਸਮਾਜਿਕ ਨਿਯਮਾਂ ਦੀ ਆਗਿਆ ਪਾਲਣ ਕਰਨ । ਪਰਮੇਸ਼ਰ ਅਤੇ ਪਰਮੇਸ਼ਰ ਦੇ ਜੀਵਾਂ ਲਈ ਆਨੰਦ ਦਾ ਕਾਰਨ ਹੋਣ । ਸਰੀਰ, ਦਿਲ ਅਤੇ ਦਿਮਾਗ ਨੂੰ ਪਾਪਾਂ ਦੀ ਮੈਲ ਤੋਂ ਪਵਿੱਤਰ ਰਖਣ । ਆਪ ਨੂੰ ਪਤਾ ਰਹੇ ਕਿ ਜਿਹੜੇ ਲੋਕ ਕੁੱਤੇ ਕੁੱਤੀ ਵਾਂਗ ਸਦਾ ਭੋਗ ਜੀਵਨ ਅਰਥਾਤ ਕਾਮ-ਚੇਸ਼ਟਾ ਦਾ ਜੀਵਨ ਬਤੀਤ ਕਰਦੇ ਹਨ, ਉਹ ਪਿਛਲੀ ਅਵਸਥਾ ਵਿਚ ਪਛਤਾਂਦੇ ਹਨ ਤੇ ਹੱਥ ਮਲਦੇ ਹਨ । ਚਾਹੀਦਾ ਹੈ ਕਿ ਭੋਗ ਦਾ ਸਵਾਦ, ਜਿਹੜਾ ਪਰਮੇਸ਼ਰ ਦੇ ਬਖਸ਼ੇ ਹੋਇਆਂ ਸਵਾਦਾਂ ਵਿਚੋਂ ਇਕ ਅਮੋਲਕ ਸਵਾਦ ਹੈ, ਮਨੁਖ ਉਸਦਾ ਭੀ ਆਨੰਦ ਪਰਾਪਤ ਕਰੇ, ਪਰ ਤਰੀਕੇ ਤਰੀਕੇ ਨਾਲ ਅਤੇ ਸਮੇਂ ਸਿਰ, ਅਰੋਗਤਾ ਤੇ ਪਿਆਰ ਨੂੰ ਵਧਾਣ ਲਈ, ਵਗਾੜਣ ਲਈ ਨਹੀਂ। ਸੋ ਆਪਣੀ ਇਸਤ੍ਰੀ ਦੇ ਦਿਲ ਦੇ ਸ਼ੀਸ਼ੇ ਸਾਹਮਣੇ ਜ਼ਿੰਦਗੀ ਨੂੰ ਰੌਸ਼ਨ ਕਰਨ ਵਾਲੇ ਖਿਆਲ ਪੇਸ਼ ਕਰੋ, ਨਹੀਂ ਤੇ ਯਾਦ ਰੱਖੋ, ਭੈੜੀਆਂ ਵਾਦੀਆਂ ਦਾ ਅਸਰ ਭੈੜਾ ਹੀ ਹੁੰਦਾ ਹੈ ।