

ਚੌਥਾ ਕਾਂਡ
ਉਹ ਰਾਤ
ਉਹ ਰਾਤ ਜਦੋਂ ਕਿ ਵਹੁਟੀ ਗਭਰੂ ਉਸ ਫਰਜ਼ ਨੂੰ ਪੂਰਾ ਕਰਦੇ ਹਨ ਜਿਸ ਦੇ ਲਈ ਕਰਤਾਰ ਨੇ ਉਹਨਾਂ ਨੂੰ ਵੱਖੋ ਵੱਖ ਤੇ ਆਮੋ ਸਾਹਮਣੇ ਲਿੰਗ ਦਿੱਤੇ ਹਨ, ਬੜੀ ਹੀ ਜ਼ਰੂਰੀ ਰਾਤ ਹੈ । ਇਸ ਫਰਜ਼ ਨੂੰ ਪੂਰਾ ਕਰਨਾ ਹੀ ਔਲਾਦ ਦੀ ਉਤਪਤੀ ਦਾ ਕਾਰਨ ਹੈ । ਜੇ ਲੋਕ ਭੋਗ ਕਰਨ ਤੋਂ ਅਵੇਸਲੇ ਹੋ ਜਾਵਣ ਤਾਂ ਕੋਈ ਸੌ ਸਵਾ ਸੌ ਸਾਲ ਦੇ ਵਿਚ ਵਿਚ ਹੀ ਉਹਨਾਂ ਦਾ ਨਾਮੋ-ਨਿਸ਼ਾਨ ਇਸ ਸੰਸਾਰ ਤੋਂ ਮਿਟ ਜਾਵੇ। ਖੌਰੇ ਇਸੇ ਖਿਆਲ ਨਾਲ ਕਰਤਾਰ ਨੇ ਇਸ ਕੰਮ ਦੇ ਕਰਨ ਵਿਚ ਇਕ ਖਾਸ ਸਵਾਦ ਪਾ ਦਿੱਤਾ ਹੈ ਤੇ ਹੁਣ ਭੁਲਾਉਣਾ ਤਾਂ ਕਿਤੇ ਰਿਹਾ, ਲੋਕੀਂ ਹਦ ਤੋਂ ਭੀ ਵਧੀਕ ਭੋਗ ਕਰਨ ਲੱਗ ਪਏ ਹਨ ।
ਜਨੌਰਾਂ ਸੰਬੰਧੀ ਤੁਸੀਂ ਜਾਣਦੇ ਹੀ ਹੋ ਕਿ ਉਹਨਾਂ ਵਿਚ ਨਰ ਅਤੇ ਮਦੀਨ ਖਾਸ ਖਾਸ ਰੁਤਾਂ ਵਿਚ ਮਿਲਦੇ ਹਨ ਅਤੇ ਸੰਤਾਨ ਉਤਪੰਨ ਕਰਦੇ ਹਨ । ਚੇਤਾ ਰਹੇ ਕਿ ਦਰਖਤਾਂ, ਸਬਜ਼ੀਆਂ ਤੇ ਅਨਾਜਾਂ ਵਿਚ ਭੀ ਇਹੋ ਨਿਯਮ ਹੈ । ਉਹਨਾਂ ਦਿਆਂ ਫੁੱਲਾਂ ਵਿਚ ਨਰ ਅਤੇ ਮਦੀਨ ਦੇ ਵੱਖੋ ਵੱਖੋ ਅੰਗ ਹੁੰਦੇ ਹਨ ਅਤੇ ਖਾਸ ਖਾਸ ਰੁਤਾਂ ਵਿਚੋਂ ਉਹ ਫਲਦੇ ਫੁਲਦੇ ਹਨ । ਬੂਟੇ ਅਤੇ ਜਨੌਰ ਤਾਂ ਕੁਦਰਤੀ ਨਿਯਮਾਂ ਵਿਚ ਬੱਝੇ ਹੋਏ ਕਰਤਵ ਦਾ ਪਾਲਨ ਕਰਦੇ ਹਨ । ਉਹਨਾਂ ਨੂੰ ਸਾਡੀ ਸਿਖਿਆ ਦੇਣ ਦੀ ਲੋੜ ਨਹੀਂ ਸਿਖਿਆਵਾਂ ਤਾਂ ਮਨੁੱਖ ਦੇਵਤੇ ਨੂੰ ਹੀ ਚਾਹੀਦੀਆਂ ਹਨ ਜਿਹੜਾ ਕੱਚੀਆਂ ਕੱਚੀਆਂ ਦਲੀਲਾਂ ਨਾਲ ਕੁਦਰਤ ਦੇ ਨਿਯਮ ਭੰਗ ਕਰਕੇ ਅਖੀਰ ਨੂੰ ਦੁੱਖ ਭੋਗਦਾ ਹੈ । ਪਰ ਫੇਰ ਵੀ 'ਅਸ਼ਰਫੁਲ ਮਖਲੂਕਾਤ' ਸਭ ਜੀਅ ਜੰਤ ਨਾਲੋਂ ਉੱਤਮ ਜੋਨੀ ਕਹਾਉਂਦਾ ਹੈ ।