ਭੇਟਾ ਤੇ ਭਾਵਨਾ
ਇਹ ਲਾਭਦਾਇਕ ਪੁਸਤਕ ਸੰਨਿਆਸੀਆਂ ਦੇ ਸਿਰਤਾਜ, ਗੁਰੂਦੇਵ ਸਵਾਮੀ ਸ੍ਰੀ ਕ੍ਰਿਸ਼ਨਾਨੰਦ ਜੀ ਮਹਾਰਾਜ ਸੰਨਿਆਸੀ ਦੇ ਚਰਣ ਕਮਲਾਂ ਵਿਚ ਭੇਟ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਅਧਿਆਤਮ ਅਤੇ ਵੈਦਿਕ ਹਿਕਮਤ ਦਵਾਰਾ ਬਿਨਾ ਪੈਸੇ ਅਥਵਾ ਸਸਤੇ ਸਸਤੇ ਇਲਾਜ ਗਿਆਨ ਦੇ ਚਾਨਣੇ ਨਾਲ ਮੇਰੀ ਬੁੱਧੀ ਨੂੰ ਪ੍ਰਕਾਸ਼ਵਾਨ ਕੀਤਾ ।
ਸਵਾਮੀ ਜੀ ਮਹਾਰਾਜ ! ਜਦ ਲੋਕੀਂ ਮੇਰੀਆਂ ਪੁਸਤਕਾਂ ਅਤੇ ਦਵਾਈਆਂ ਦੀ ਪ੍ਰਸੰਸਾ ਕਰਦੇ ਹਨ ਅਤੇ ਮੇਰਾ ਧੰਨਵਾਦ ਕਰਦੇ ਹਨ, ਤਾਂ ਮੈਂ ਉਨ੍ਹਾਂ ਨੂੰ ਸਦਾ ਇਹੀ ਕਹਿੰਦਾ ਹਾਂ ਕਿ ਇਹ ਸਭ ਆਪ ਜੀ ਦੀ ਹੀ ਕਿਰਪਾ ਹੈ, ਇਸ ਲਈ ਇਨ੍ਹਾਂ ਨੂੰ ਆਪ ਜੀ ਦਾ ਧੰਨਵਾਦੀ ਹੋਣਾ ਚਾਹੀਦਾ ਹੈ, ਨਾ ਕਿ ਮੇਰਾ ।
ਮਹਾਰਾਜ ਜੀ ! ਮੈਨੂੰ ਆਪ ਦੀ ਆਗਿਆ ਸਦਾ ਚੇਤੇ ਰਹਿੰਦੀ ਹੈ ਤੇ ਮੈਂ ਜਨਤਾ ਦੀ ਸੇਵਾ ਤੋਂ ਕਦੇ ਵੀ ਮੂੰਹ ਨਹੀਂ ਮੋੜਿਆ । ਇਹ ਪੁਸਤਕ ਵੀ ਉਹਨਾਂ ਛੋਟੀ ਉਮਰ ਦੇ ਤੇ ਜਵਾਨ ਅਤੇ ਬੁੱਢਿਆਂ ਪਤੀਆਂ ਦੀ ਸਿੱਖਿਆ ਲਈ ਲਿਖੀ ਹੈ, ਜਿਹੜੇ ਵਿਆਹ ਨੂੰ ਇਕ ਜੰਜਾਲ ਸਮਝ ਰਹੇ ਹਨ। ਮੈਨੂੰ ਵਿਸ਼ਵਾਸ ਹੈ ਕਿ ਉਹ ਸਾਰੇ, ਮੇਰੇ ਇਨ੍ਹਾਂ ਲਿਖੇ ਹੋਏ ਅਨੁਭਵਾਂ ਤੋਂ ਲਾਭ ਉਠਾਉਂਦੇ ਹੋਏ, ਹਰ ਤਰ੍ਹਾਂ ਦੀਆਂ ਬੀਮਾਰੀਆਂ, ਕਮਜ਼ੋਰੀਆਂ, ਪਰਿਵਾਰਿਕ ਝਗੜਿਆਂ, ਉਲਝਣਾਂ ਤੇ ਮਾਨਸਿਕ ਦੁੱਖਾਂ ਅਤੇ ਗ੍ਰਿਹਸਤ ਦੀਆਂ ਸਭ ਤਰ੍ਹਾਂ ਦੀਆਂ ਚਿੰਤਾਵਾਂ ਤੋਂ ਬਚੇ ਰਹਿਣਗੇ, ਨਾਲ ਹੀ ਆਪਣੇ ਦੂਜੇ ਮਿੱਤਰਾਂ, ਸੰਬੰਧੀਆਂ ਨੂੰ ਵੀ ਇਹ ਪੁਸਤਕ ਪੜ੍ਹਾ ਕੇ ਜਾਂ ਉਨ੍ਹਾਂ ਨੂੰ ਪੜ੍ਹਣ ਦਾ ਸੁਝਾਅ ਦੇ ਕੇ ਪੁੰਨ ਖਟਣਗੇ ।
ਮਹਾਰਾਜ ਜੀ ਦਾ ਅਗਿਆਕਾਰੀ
ਹਰਨਾਮ ਦਾਸ