ਇਸ ਵਧਾਏ ਹੋਏ ਐਡੀਸ਼ਨ ਦੀ ਜ਼ਰੂਰੀ ਬੇਨਤੀ
'ਹਦੈਤ ਨਾਮਾ ਖਾਵੰਦ' ਦਾ ਪਹਿਲਾ ਐਡੀਸ਼ਨ 1924 ਵਿਚ 144 ਸਫਿਆਂ ਦਾ ਕੇਵਲ ਇਕ ਹਜਾਰ ਛਪਵਾਇਆ ਗਿਆ ਸੀ। ਉਸ ਸਮੇਂ ਮੈਨੂੰ ਇਹ ਖਿਆਲ ਭੀ ਨਹੀਂ ਸੀ ਕਿ ਇਹ ਪੁਸਤਕ ਇਤਨੀ ਹਰਮਨ ਪਿਆਰੀ ਸਿਧ ਹੋਵੇਗੀ । ਇਸ ਵਿਚ ਸਕ ਨਹੀਂ ਕਿ ਜਦੋਂ ਮੈਂ ਇਹ ਪੁਸਤਕ ਲਿਖੀ ਸੀ ਤਾਂ ਇਸ ਨੂੰ ਬਹੁਤ ਲਾਭਕਾਰੀ ਸਮਝਦਾ ਸੀ, ਪਰੰਤੂ ਲੇਖਕ ਦੇ ਕਹਿਣ ਨਾਲ ਹੀ ਕੋਈ ਪੁਸਤਕ ਲਾਭਕਾਰੀ ਨਹੀਂ ਕਹੀ ਜਾ ਸਕਦੀ, ਜਦ ਤਕ ਜਨਤਾ ਆਪਣੀ ਮਨਜ਼ੂਰੀ ਦੀ ਮੋਹਰ ਓਸ 'ਤੇ ਨਾ ਲਾ ਦੇਵੇ । ਈਸ਼ਵਰ ਦੀ ਮਾਇਆ ਕਿ ਪੁਸਤਕ ਜਨਤਾ ਨੂੰ ਪਸੰਦ ਆ ਗਈ ਅਤੇ ਬਹੁਤ ਸਾਰੇ ਪ੍ਰਸੰਸਾ ਪੱਤਰ ਮੈਨੂੰ ਪ੍ਰਾਪਤ ਹੋਏ । ਮੇਰਾ ਉਤਸ਼ਾਹ ਵਧ ਗਿਆ। ਉਸ ਸਾਲ ਦੂਜੀ ਐਡੀਸ਼ਨ 180 ਸਫ਼ਿਆਂ ਦੀ ਛਾਪੀ ਗਈ। ਪੰਜਵੀਂ ਐਡੀਸ਼ਨ ਦਸ ਹਜਾਰ ਛਾਪੀ ਗਈ। ਉਹ ਵੀ ਇਕ ਸਾਲ ਦੇ ਅੰਦਰ ਅੰਦਰ ਖਤਮ ਹੋ ਗਈ । 1926 ਵਿਚ ਹੋਰ ਸਫੇ ਵੱਧ ਗਏ। 1950 ਵਿਚ ਇਸ ਪੁਸਤਕ ਦੇ ਬਲਾਕ ਬਣਵਾ ਲਏ । ਮੰਗ ਵਧਣ 'ਤੇ ਅਗਲੇ ਸਾਲ 30,000 ਛਾਪੀ ਗਈ ਅਤੇ ਇਹ ਸਾਰੀ ਹੀ ਹੱਥੋ ਹੱਥ ਵਿਕ ਗਈ।
ਹੁਣ ਅਨੇਕ ਵਰ੍ਹਿਆਂ ਦੇ ਅਨੁਭਵ ਅਤੇ ਜਾਣਕਾਰੀ ਦੇ ਆਧਾਰ 'ਤੇ ਹੋਰ ਵਧੇਰੇ ਮੈਟਰ ਭੀ ਪਾ ਦਿੱਤਾ ਗਿਆ ਹੈ।
ਹੁਣ ਮੇਰੇ ਲਈ ਇਸ ਵਿਚ ਹੋਰ ਵਾਧਾ ਕਰਨਾ ਅਸੰਭਵ ਜਿਹਾ ਹੈ-ਖਾਸ ਕਰ ਜਦ ਕਿ ਮੇਰੇ ਸਪੁਤ੍ਰ ਕਵੀਰਾਜ ਮਹਾਰਾਜ ਕ੍ਰਿਸਨ ਬੀ.ਏ., ਐਲ.ਏ. ਐਸ.ਐਸ. ਭਿਸਜ ਰਤਨ ਨੇ 1942 ਤੋਂ ਕਲਕੱਤੇ ਦੀ ਵਿਦਿਆ ਅਤੇ ਲਾਹੌਰ ਤੇ ਦਿੱਲੀ ਦੀ ਲੰਮੀ ਪ੍ਰੈਕਟਿਸ ਦੇ ਆਧਾਰ 'ਤੇ, ਪੁਰਖਾਂ ਦੇ ਵੀਰਯ ਆਦਿ ਰੋਗਾਂ ਦੇ ਬਿਆਨ ਵਿਚ ਮਹਤਤਾ ਭਰੀ ਜਾਣਕਾਰੀ ਦਾ ਵਾਧਾ ਇਸ ਪੁਸਤਕ ਵਿਚ ਕਰ ਦਿੱਤਾ ਹੈ ।
------------------
1. Comparative Study in Ayurved & Allopathy. Got First position in 1942