"ਦੂਜਿਆਂ ਦੀ ਭਲਾਈ ਵਿਚ ਆਪਣੀ ਭਲਾਈ ਸਮਝੋ !
ਸੁਤਿਆਂ ਨੂੰ ਜਗਾਓ, ਡਿੱਗਦਿਆਂ ਨੂੰ ਉਠਾਓ, ਰੋਂਦਿਆਂ ਨੂੰ ਹਸਾਓ,
ਕਿਸੇ ਦੀ ਵਿਗੜੀ ਬਣਾਓ, ਕਿਸੇ ਦੀ ਦਰਦ ਦੀ ਦਵਾ ਬਣੋ ।"
ਭੂਮਿਕਾ
ਇਸ ਸੰਸਾਰ ਵਿਚ ਜਿਹੜੀਆਂ ਚੰਗਿਆਈਆਂ ਆਪ ਨੂੰ ਵਿਖਾਈ ਦੇਦੀਆਂ ਹਨ ਜਾਂ ਜਿਤਨੇ ਵੀ ਉੱਨਤ ਮਨੁੱਖ ਵਿਖਾਈ ਦਿੰਦੇ ਹਨ, ਉਹਨਾਂ ਸਾਰਿਆਂ ਦੀ ਨੀਂਵ ਵਿਚ ਪਤੀ ਅਤੇ ਪਤਨੀ ਦਾ ਪਵਿਤ੍ਰ ਸੰਬੰਧ ਕੰਮ ਕਰ ਰਿਹਾ ਹੈ । ਇੰਜੀਨੀਅਰ, ਡਾਕਟਰ, ਹਕੀਮ, ਵਿਚਾਰਕ, ਫ਼ਿਲਾਸਫਰ, ਸਾਇੰਸਦਾਨ, ਜ਼ਿਮੀਂਦਾਰ, ਬਿਉਪਾਰੀ, ਵਕੀਲ, ਧਰਮਾਤਮਾ, ਦੇਸ ਭਗਤ, ਰਾਜ ਪ੍ਰਬੰਧਕ, ਗੱਲ ਕੀ-ਜਿੰਨੇ ਵੀ ਆਪਣੇ ਆਪਣੇ ਕੰਮ ਵਿਚ ਚਤੁਰ, ਪਰਬੀਨ ਤੇ ਅਕਲਮੰਦ ਦਿਖਾਈ ਦਿੰਦੇ ਹਨ, ਉਹ ਸਾਰੇ ਇਹੋ ਜਿਹੇ ਮਾਪਿਆਂ ਦੀ ਸੰਤਾਨ ਹਨ ਜਿਹੜੇ ਕਿ ਸਮਝਦਾਰ, ਮਿਹਨਤੀ, ਸਿਆਣੇ, ਦੂਰ-ਦਰਸੀ, ਸੱਚ, ਨਿਆਂਸ਼ੀਲ ਅਤੇ ਕੁਦਰਤ ਦੇ ਨਿਯਮਾਂ ਅਨੁਸਾਰ ਚਲਣ ਵਾਲੇ ਸਨ । ਉਹ ਆਪ ਚੰਗੇ ਸਨ ਅਤੇ ਆਪਣੀ ਸੰਤਾਨ ਨੂੰ ਭੀ ਉਹਨਾਂ ਨੇ ਚੰਗਾ ਬਣਾਇਆ । ਉਹਨਾਂ ਦਾ ਆਪਣਾ ਵਹੁਟੀ-ਗਭਰੂ ਦਾ ਜੀਵਨ ਆਨੰਦਮਈ ਅਤੇ ਸ਼ਾਂਤ ਸੀ, ਉਹ ਵਿਹਾਰ ਵਿਚ ਚਤੁਰ ਅਤੇ ਚਰਿਤ੍ਰਵਾਨ ਸਨ ਅਤੇ ਉਹਨਾਂ ਨੇ ਆਪਣੀ ਸੰਤਾਨ ਨੂੰ ਚੰਗਾ ਬਨਾਉਣ ਦਾ ਪੂਰਾ ਯਤਨ ਕੀਤਾ ।
ਇਸ ਦੇ ਉਲਟ ਜਿੰਨੇ ਕਮਜ਼ੋਰ, ਰੋਗੀ, ਚੋਰ, ਠੱਗ, ਝੂਠ ਬੋਲਣ ਵਾਲੇ ਡਾਕੂ, ਝਗੜਾਲੂ, ਜੂਏਬਾਜ਼, ਦੁਰਾਚਾਰੀ, ਆਲਸੀ, ਕਾਮੀ ਅਤੇ ਵਿਸ਼ਈ ਪੁਰਸ਼ ਆਪ ਵੇਖਦੇ ਹੋ, ਸਿਵਾਏ ਥੋੜਿਆਂ ਦੇ, ਉਹ ਸਾਰੇ ਇਹੋ ਜਿਹੇ ਮਾਪਿਆਂ ਦੀ ਔਲਾਦ ਹਨ, ਜਿਹੜੇ ਆਪ ਬੇਸਮਝ ਅਤੇ ਗ੍ਰਿਹਸਤ ਦੀ ਦ੍ਰਿਸ਼ਟੀ ਨਾਲ ਜਿਨ੍ਹਾਂ ਦਾ ਜੀਵਨ ਬਿਲਕੁਲ ਅਸਫਲ ਸੀ, ਉਹ ਆਪਣੇ ਵਿਸੈ ਦੀ ਖੁਮਾਰੀ ਵਿਚ ਜਾਂ ਕਾਰੋਬਾਰ ਵਿਚ ਇਤਨੇ ਮਸਤ ਰਹਿੰਦੇ ਸਨ