ਲੁੰਝੀ ਮੱਤ ਬੰਨ੍ਹੇ ਪੰਜ ਤਾਣੀ, ਉੱਤੇ ਪੱਟ ਹੰਡਾਏ ।
ਵਖ ਦਮੋਦਰ ਹੀਰ ਦੀ ਚਾਲੀ, ਕਿੱਸਾ ਆਣ ਬਣਾਏ ॥6॥
ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ ।
ਸਉਂਕ ਸਉਂਕ ਉੱਠੀ ਹੈ ਮੈਂਡੀ, ਤਾਂ ਦਿਲ ਉਮੱਕ ਹੋਈ ।
ਅਸਾਂ ਮੂੰਹੋਂ ਅਲਾਇਆ ਓਹੋ, ਜੋ ਕੁਝ ਨਜ਼ਰ ਪਿਇਉਈ।
ਆਖ ਦਮੋਦਰ ਅੱਗੇ ਕਿੱਸਾ ਸੁਣੇ ਸਭ ਕੋਈ ।
ਡਾ. ਹਰਨਾਮ ਸਿੰਘ ਸ਼ਾਨ ਦਾ ਵਿਚਾਰ ਹੈ ਕਿ ਮੰਗਲਾਚਾਰ ਤੋਂ ਪਹਿਲੇ 7 ਦੋਹੜਿਆਂ, ਭਾਵ 28 ਮਿਸਰਿਆਂ ਦਾ ਕਰਤਾ ਦਮੋਦਰ ਨਹੀਂ । ਡਾ. ਪਰਮਿੰਦਰ ਸਿੰਘ ਵੀ ਡਾ. ਸਾਨ ਨਾਲ ਸਹਿਮਤ ਹਨ। ਪਰ ਇਨ੍ਹਾਂ ਕੋਲ ਕੋਈ ਪ੍ਰਮਾਣਿਕ ਸਬੂਤ ਨਹੀਂ ਕਿ ਇਹ ਬੰਦ ਪਿੱਛੋਂ ਜਾ ਕੇ ਕਿਸੇ ਹੋਰ ਕਵੀ ਨੇ ਵਧਾਏ ਹਨ ।
ਪਰ ਮੈਂ ਜਿਹੜਾ ਖਰੜਾ ਮੁਲਤਾਨ ਵਿਚ ਵੇਖਿਆ ਹੈ ਅਤੇ ਜਿਸ ਨੂੰ ਮੈਂ ਆਪਣੀ ਖੋਜ ਦਾ ਆਧਾਰ ਬਣਾਇਆ ਹੈ ਉਸ ਵਿਚ ਇਹ 28 ਮਿਸ਼ਰ ਸ਼ਾਮਲ ਨਹੀਂ । ਕਿੱਸਾ ਮੰਗਲਾਚਾਰ ਤੋਂ ਹੀ ਆਰੰਭ ਹੁੰਦਾ ਹੈ । ਇਸ ਤੋਂ ਬਿਨਾਂ ਵੀ ਦਮੋਦਰ ਆਪਣੇ ਕਿੱਸੇ ਦੇ ਆਰੰਭ ਵਿਚ ਕਹਿੰਦਾ ਹੈ :
ਵਾਰ ਬਢੋਂਦੀ ਮਹਿਰੀ ਕੁੰਦੀ, ਵੇਖਹੁ ਫੁੱਟ ਵਿਆਈ।
ਆਖ ਦਮੋਦਰ ਖਾਣ ਇਸ਼ਕ ਦੀ, ਘਰ ਚੁਚਕਾਣੇ ਲਾਈ ॥
'ਖਾਣ ਇਸ਼ਕ ਦੀ' ਤੋਂ ਦਮੋਦਰ ਦਾ ਸੰਕੇਤ ਹੀਰ ਵੱਲ ਹੈ। ਕੀ ਹੀਰ ਦੇ ਜੰਮਣ ਤੋਂ ਪਹਿਲਾਂ ਹੀ ਦਮੋਦਰ ਜਾਣਦਾ ਸੀ ਕਿ ਹੀਰ ਇਸ਼ਕ ਦੀ ਖਾਣ ਸਾਬਤ ਹੋਵੇਗੀ ?
ਮੰਗਲਾਚਾਰ ਤੋਂ ਪਹਿਲੇ ਮਿਸਰਿਆਂ ਵਿਚ ਦਮੋਦਰ ਆਖਦਾ ਹੈ ਕਿ
ਵੱਡੀ ਹੋਈ ਹੀਰ ਸਲੋਟੀ, ਜ਼ਿਮੀਂ ਪੈਰ ਨਾ ਲਾਏ ।
ਜੇ ਕੋਈ ਵੇਖੇ ਹੀਰੇ ਤਾਈਂ, ਪੈਰ ਨਾ ਮੂਲੇ ਚਾਏ।
ਲੁੰਝੀ ਮੱਤ ਬਨ੍ਹੇ ਪੰਜ ਤਾਣੀ ਉੱਤੇ ਪਟ ਹੰਡਾਏ ॥
ਪਰ 'ਅਬ ਹੀਰ ਦਮੋਦਰ ਕੀ ਚੱਲੀ ਵਿਚ ਫੇਰ ਹੀਰ ਦੇ ਇਕ ਇਕ ਵਰ੍ਹੇ ਦਾ ਜਿਕਰ ਕਰਦਾ ਹੈ । ਅਜਿਹਾ ਕੋਈ ਅਨਾੜੀ ਤੋਂ ਅਨਾੜੀ ਕਵੀ ਵੀ ਨਹੀਂ ਕਰਦਾ ।
ਕਿਉਂਕਿ ਮੁਲਤਾਨ ਵਾਲੀ ਹੱਥ ਲਿਖਤ ਵਿਚ ਇਹ 28 ਮਿਸਰੇ ਸ਼ਾਮਿਲ ਹੀ ਨਹੀਂ ਸੋ ਇਨ੍ਹਾਂ ਵੱਲ ਵਧੇਰੇ ਧਿਆਨ ਨਾ ਵੀ ਦਿੱਤਾ ਜਾਵੇ ਤਾਂ ਗੱਲ ਅਜੋ ਉਥੇ ਦੀ ਉਥੇ ਹੀ ਹੈ ਕਿ ਦਮੋਦਰ ਨੇ ਇਹ ਘਟਨਾ ਅੱਖੀਂ ਵੇਖੀ ਸੀ, ਜਾਂ ਸੁਣ ਸੁਣਾ ਕੇ ਲਿਖੀ ਸੀ ਕਿਉਂਕਿ ਦਮੋਦਰ ਨੇ ਹੋਰ ਕਈ ਥਾਵਾਂ ਤੇ ਵੀ ਇਸ ਦਾ ਦਾਅਵਾ ਕੀਤਾ ਹੈ।
ਆਖ ਦਮੋਦਰ ਮੈਂ ਡਿੱਠਾ ਅੱਖੀਂ, ਰਾਂਝੇ ਨੂੰ ਆਖ਼ਰ ਆਇਆ ।
ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਸਿਰ ਸਲੇਟੀ ਦੇ ਆਈ ।
ਹਰਨਾਮ ਸਿੰਘ ਸ਼ਾਨ, ਦਮੋਦਰ ਜੀਵਨ ਤੇ ਰਚਨਾ, ਪੰਨਾ 148, ਭਾਸ਼ਾ ਵਿਭਾਗ, ਪੰਜਾਬ।
ਡਾ. ਪਰਮਿੰਦਰ ਸਿੰਘ, ਹੀਰ ਦਮੱਦਰ ਇਕ ਆਲੋਚਨਾਤਮਕ ਅਧਿਐਨ, ਪੈਪਸੂ ਬੁੱਕ ਡੀ ਪੂ, ਪਟਿਆਲਾ ।