ਦੋ ਸ਼ਬਦ
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਜਿਨ੍ਹਾਂ ਉਦੇਸ਼ਾਂ ਲਈ ਕੀਤੀ ਗਈ ਸੀ ਉਨ੍ਹਾਂ ਵਿਚੋਂ ਇਕ ਪੰਜਾਬੀ ਭਾਸ਼ਾ, ਸਾਹਿੱਤ ਅਤੇ ਖੱਜ ਦੀ ਬਹੁ-ਪੱਖੀ ਉੱਨਤੀ ਨਾਲ ਸੰਬੰਧਿਤ ਹੈ। ਇਸ ਮਨੋਰਥ ਦੀ ਪੂਰਤੀ ਲਈ ਯੂਨੀਵਰਸਿਟੀ ਵਲੋਂ ਕਈ ਪ੍ਰਕਾਰ ਦੀਆਂ ਯੋਜਨਾਵਾਂ ਚਲਾਈਆਂ ਗਈਆਂ ਹਨ ਜਿਨ੍ਹਾਂ ਵਿਚੋਂ ਇਕ ਪੁਰਾਣੇ ਹੱਥ-ਲਿਖਤ ਖਰੜਿਆਂ ਨੂੰ ਸੰਪਾਦਿਤ ਕਰਵਾ ਕੇ ਅਤੇ ਗ਼ੈਰ-ਵਿਗਿਆਨਿਕ ਢੰਗ ਨਾਲ ਸੰਪਾਦਿਤ ਹੋਈਆਂ ਪੁਰਾਣੀਆਂ ਰਚਨਾਵਾਂ ਦਾ ਪੁਨਰ-ਸੰਪਾਦਨ ਕਰਵਾ ਕੇ ਛਪਵਾਉਣ ਬਾਰੇ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਇਸ ਪੁਸਤਕ ਦੀ ਸੰਪਾਦਨਾ ਕਰਵਾਈ ਗਈ ਹੈ ।
ਹੱਥਲੀ ਪੁਸਤਕ ਵਿਚ ਹੀਰ ਦਮੋਦਰ ਦੇ ਕਿੱਸੇ ਨੂੰ ਸੰਪਾਦਿਤ ਕੀਤਾ ਗਿਆ ਹੈ। ਦਮੋਦਰ ਲਹਿੰਦੇ ਪੰਜਾਬ ਵਿਚ ਹੋਇਆ ਪਹਿਲਾ ਕਿੱਸਾਕਾਰ ਹੈ ਜਿਸ ਨੇ 'ਹੀਰ' ਦੀ ਰਚਨਾ ਕਰ ਕੇ ਪੰਜਾਬੀ ਸਾਹਿੱਤ ਵਿਚ ਰੋਮਾਨੀ ਕਾਵਿ ਦੀ ਪਰੰਪਰਾ ਦਾ ਆਰੰਭ ਕੀਤਾ । ਦਮੋਦਰ ਦੇ ਸਮੇਂ ਬਾਰੇ ਵਿਦਵਾਨਾਂ ਵਿਚ ਭਾਵੇਂ ਮਤ-ਭੇਦ ਹੈ, ਪਰ ਨਵੀਂ ਖੋਜ ਇਸ ਨੂੰ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਹੋਇਆ ਮੰਨਦੀ ਹੈ । ਇਸ ਕਿੱਸੇ ਵਿਚ ਦਮੋਦਰ ਨੇ ਸਮਕਾਲੀ ਪੰਜਾਬ, ਇਥੋਂ ਦੀਆਂ ਰਹੁ-ਰੀਤਾਂ, ਵਿਆਹ-ਸ਼ਾਦੀਆਂ, ਖਾਣ-ਪੀਣ ਦੀਆਂ ਵਸਤਾਂ ਦਾ ਬੜਾ ਯਥਾਰਥ ਚਿਤ੍ਰਣ ਕੀਤਾ ਹੈ । ਦਵੇਯਾ ਛੰਦ ਵਿਚ ਲਿਖਿਆ ਇਹ ਕਿੱਸਾ ਭਾਵੇਂ ਪਹਿਲਾਂ ਵੀ ਪ੍ਰਕਾਸ਼ਿਤ ਰੂਪ ਵਿਚ ਮਿਲਦਾ ਹੈ, ਪਰ ਇਸ ਨੂੰ ਕਿਸੇ ਪ੍ਰਮਾਣਿਕ ਖਰੜ ਦੇ ਆਧਾਰ ਤੇ ਸੰਪਾਦਿਤ ਕਰਨ ਦਾ ਅਜੇ ਤਕ ਯਤਨ ਨਹੀਂ ਹੋਇਆ ਸੀ, ਜਿਸ ਘਾਟ ਨੂੰ ਇਸ ਪ੍ਰਕਾਸ਼ਨਾ ਨਾਲ ਪੂਰਾ ਕਰਨ ਦਾ ਉਦਮ ਕੀਤਾ ਗਿਆ ਹੈ।
ਆਸ ਹੈ ਕਿ ਇਸ ਕਿੱਸੇ ਦੇ ਪ੍ਰਕਾਸ਼ਿਤ ਹੋਣ ਨਾਲ ਪਾਠਕਾਂ ਲਈ ਪ੍ਰਮਾਣਿਕ ਪਾਠ ਉਪਲਬਧ ਹੋ ਸਕੇਗਾ ਅਤੇ ਉਹ ਇਸ ਦਾ ਆਨੰਦ ਮਾਣਨਗੇ ।
ਪੰਜਾਬੀ ਯੂਨੀਵਰਸਿਟੀ ਭਗਤ ਸਿੰਘ
ਪਟਿਆਲਾ ਵਾਈਸ-ਚਾਂਸਲਰ