ਭੂਮਿਕਾ
ਪੰਜਾਬੀ ਸਾਹਿੱਤ ਅਧਿਐਨ ਵਿਭਾਗ ਦੀ ਸਥਾਪਨਾ ਦੇ ਮੁੱਖ ਉਦੇਸ਼ਾਂ ਵਿਚੋਂ ਇਕ ਉਦੇਸ਼ ਇਹ ਵੀ ਸੀ ਕਿ ਪੰਜਾਬੀ ਦੀਆਂ ਕਲਾਸਕੀ ਰਚਨਾਵਾਂ ਨੂੰ ਹੱਥ-ਲਿਖਤਾਂ ਦੇ ਆਧਾਰ ਤੇ ਸਹੀ ਢੰਗ ਨਾਲ ਸੰਪਾਦਿਤ ਕਰ ਕੇ ਪ੍ਰਕਾਸ਼ਿਤ ਕੀਤਾ ਜਾਵੇ। ਇਸ ਸੰਬੰਧ ਵਿਚ ਜੋ ਪ੍ਰਾਜੈਕਟ ਬਣਾਈ ਗਈ, ਉਸ ਵਿਚ ਦਮੋਦਰ ਰਚਿਤ 'ਹੀਰ' ਦੇ ਕਿੱਸੇ ਦਾ ਸੰਪਾਦਨ ਵੀ ਸ਼ਾਮਲ ਸੀ ।
ਪ੍ਰਸਤੁਤ ਪੁਸਤਕ ਦਮੋਦਰ ਦੀ ਹੀਰ ਦਾ ਸੰਪਾਦਿਤ ਰੂਪ ਹੈ । ਦਮੋਦਰ ਹੁਣ ਤਕ ਉਪਲਬਧ ਪੰਜਾਬੀ ਕਿੱਸਾ ਕਾਵਿ ਪਰੰਪਰਾ ਦਾ ਪਹਿਲਾ ਕਵੀ ਹੈ ਜਿਸ ਨੇ ਲਹਿੰਦੀ ਪੰਜਾਬੀ ਵਿਚ ਇਹ ਕਿੱਸਾ ਲਿਖ ਕੇ ਪੰਜਾਬੀ ਸਾਹਿੱਤ ਵਿਚ ਕਿੱਸਾ ਕਾਵਿ ਦਾ ਆਰੰਭ ਕੀਤਾ। ਦਮੋਦਰ ਜ਼ਿਲਾ ਝੰਗ ਦੀ ਚਨਿਓਰ ਤਹਿਸੀਲ ਦੇ ਰਜੋਆ ਪਿੰਡ ਦਾ ਰਹਿਣ ਵਾਲਾ ਸੀ ਕਿਉਂਕਿ ਉਸ ਦੀ ਰਚਨਾ ਵਿਚ ਅਨੇਕ ਥਾਂਵਾਂ ਤੇ ਰਜੂਆ ਪਿੰਡ ਪ੍ਰੀਤ ਉਚੇਚੇ ਝੁਕਾ ਦੇ ਸੰਕੇਤ ਮਿਲਦੇ ਹਨ । ਇਸ ਦੇ ਰਚਨਾ-ਕਾਲ ਬਾਰੇ ਅਤੇ ਦਮੋਦਰ ਦੇ ਸਮੇਂ ਬਾਰੇ ਵਿਦਵਾਨਾਂ ਵਿਚ ਕਾਫ਼ੀ ਮਤਭੇਦ ਰਿਹਾ ਹੈ ਕਿਉਂਕਿ ਉਸ ਦੇ ਕਿੱਸੇ ਵਿਚ ਅਕਬਰ ਦੀ ਬਾਦਸ਼ਾਹੀ ਦਾ ਉਲੇਖ, ਤੰਬਾਕੂ ਦੀ ਵਰਤੋਂ ਅਤੇ ਕਈ ਹੋਰ ਤੱਥ ਇਹ ਸਿੱਧ ਕਰਦੇ ਹਨ ਕਿ ਉਸ ਦਾ ਸਮਾਂ ਅਕਬਰ ਬਾਦਸ਼ਾਹ ਦੇ ਰਾਜ ਦਾ ਸਮਾਂ ਸੀ । ਪਰ ਦਮੋਦਰ ਨੇ ਕਈਆਂ ਥਾਂਵਾਂ ਤੇ 'ਅੱਖੀਂ ਡਿਠਾ' ਉਕਤੀ ਵੀ ਵਰਤੀ ਹੈ ਅਤੇ ਹੀਰ ਰਾਂਝੇ ਦੇ ਪੁਨਰ-ਮਿਲਣ ਦਾ ਸਮਾਂ 1529 ਬਿ. ਦਸਿਆ ਹੈ। ਇਹ ਸਾਰੇ ਤੱਥ ਪਰਸਪਰ ਵਿਰੋਧੀ ਹਨ ਅਤੇ ਉਸ ਦੇ ਸਹੀ ਸਮੇਂ ਨੂੰ ਸੰਦਿਗਧ ਬਣਾਉਂਦੇ ਹਨ। ਨਵੀਂ ਖੋਜ ਸਾਨੂੰ ਇਸ ਨੁਕਤੇ ਤੇ ਪਹੁੰਚਾਂਦੀ ਹੈ ਕਿ ਇਹ ਕਿੱਸਾ ਦਮੋਦਰ ਨੇ 1605 ਈ. ਤੋਂ ਪਿਛੋਂ ਲਿਖਿਆ ਹੈ। ਇਸ ਸੰਬੰਧੀ ਪ੍ਰਸਤੁਤ ਪੁਸਤਕ ਦੇ ਮੁੱਢਲੇ ਕਥਨ ਵਿਚ ਸੰਪਾਦਕ ਨੇ ਵਿਸਤਾਰ ਸਹਿਤ ਪ੍ਰਮਾਣ-ਪੁਸ਼ਟ ਢੰਗ ਨਾਲ ਸਥਾਪਨਾ ਕੀਤੀ ਹੈ।
ਇਸ ਕਿੱਸੇ ਵਿਚ ਕਵੀ ਨੇ ਅਧਿਕ ਰੁਚੀ ਘਟਨਾ ਵਰਣਨ ਵੱਲ ਵਿਖਾਈ ਹੈ । ਵਸਤੂ-ਵਰਣਨ ਅਤੇ ਦ੍ਰਿਸ਼-ਚਿਤ੍ਰਣ ਵਿਚ ਦਮੋਦਰ ਦਾ ਮਨ ਇੰਨਾ ਨਹੀਂ ਰੰਮਿਆ। ਘਟਨਾ-ਯੋਜਨਾ ਵਿਚ ਕਵੀ ਨੇ ਆਦਰਸ਼ ਅਤੇ ਯਥਾਰਥ ਦਾ ਮੇਲ ਕੀਤਾ ਹੈ । ਘਟਨਾ ਦੇ ਵਿਸਤਾਰ ਲਈ ਭਾਵੇਂ ਉਹ ਯਥਾਰਥ ਦਾ ਆਸਰਾ ਲੈਂਦਾ ਹੈ ਪਰ ਉਸ ਦਾ ਅੰਤ ਆਦਰਸ਼ ਭੂਮੀ ਤੇ ਕਰ ਦੇਣ ਨਾਲ ਕੁਝ ਅਸੁਭਾਵਿਕਤਾ ਜਿਹੀ ਆ ਜਾਂਦੀ ਹੈ। ਦਮੋਦਰ ਨੇ ਇਸ ਕਿੱਸੇ ਵਿਚ ਕਥਾ ਦਾ ਆਰੰਭ ਹੀਰ ਅਤੇ ਉਸ ਦੇ ਪੇਕੇ ਪੱਖ ਤੋਂ ਕੀਤਾ ਹੈ ਅਤੇ ਕਿੱਸੇ ਦਾ ਅੰਤ ਵੀ ਸੁਖ-ਪੂਰਣ ਹੈ ਜਦ ਕਿ ਹੋਰ ਅਧਿਕਾਂਸ਼ ਹੀਰਕਾਰਾਂ ਨੇ ਰਾਂਝੇ ਦੇ ਪੱਖ ਵਾਲਿਆਂ ਤੋਂ ਕਿੱਸਾ ਸ਼ੁਰੂ ਕੀਤਾ ਹੈ ਅਤੇ ਉਸ ਦੀ ਸਮਾਪਤੀ ਦੁਖਾਂਤਿਕ ਹੈ । ਦਮੋਦਰ ਨੇ ਇਸ ਕਿੱਸੇ ਵਿਚ ਉਸ ਵੇਲੇ ਦੀਆ