

281. ਨਾਥ ਦਾ ਉੱਤਰ
ਖਾਇ ਰਿਜ਼ਕ ਹਲਾਲ ਤੇ ਸੱਚ ਬੋਲੀਂ ਛੱਡ ਦੇ ਤੂੰ ਯਾਰੀਆਂ ਚੋਰੀਆਂ ਵੋ
ਉਹ ਛੱਡ ਤਕਸੀਰ ਮੁਆਫ ਤੇਰੀ ਜਿਹਡੀਆਂ ਪਿਛਲੀਆਂ ਸਫਾਂ ਨਖੋਰੀਆਂ ਵੋ
ਉਹ ਛੱਡ ਚਾਲੇ ਗੁਆਰ ਪੁਨੇ ਵਾਲੇ ਚੁੰਨੀ ਪਾੜ ਕੇ ਘਤਿਉਂ ਮੋਰੀਆਂ ਵੋ
ਪਿੱਛਾ ਛੱਡ ਜੱਟਾ ਲਿਆ ਸਾਂਭ ਖਸਮਾ ਜਿਹੜੀਆਂ ਪਾੜਿਉ ਖੰਡ ਦੀਆਂ ਬੋਰੀਆਂ ਵੋ
ਜੋ ਰਾਹਕਾਂ ਜੋਤਰੇ ਲਾ ਦਿੱਤੇ ਜਿਹੜੀਆਂ ਅਰਲੀਆਂ ਭੰਨੀਆਂ ਧੋਰੀਆਂ ਵੋ
ਧੋ ਘਾ ਕੇ ਮਾਲਕਾਂ ਵਰਤ ਲਈਆਂ ਜਿਹੜਈਆਂ ਚਾਟੀਆਂ ਕੀਤਿਉਂ ਖੋਰੀਆਂ ਵੋ
ਰਲੇ ਵਿੱਚ ਤੈਂ ਰੇੜ੍ਹਿਆ ਕੰਮ ਚੋਰੀਂ ਕੋਈ ਖਰਚੀਆਂ ਨਾਹੀਉ ਬੋਰੀਆਂ ਵੋ
ਛਡ ਸਭ ਬੁਰਿਆਈਆਂ ਖਾਕ ਹੋ ਜਾ ਨਾ ਕਰ ਨਾਲ ਜਗਤ ਦੇ ਜ਼ੋਰੀਆਂ ਵੋ
ਤੇਰੀ ਆਜਜ਼ੀ ਅਜਜ਼ ਮਨਜ਼ੂਰ ਕੀਤੇ ਤਾਂ ਮੈਂ ਮੁੰਦਰਾਂ ਕੰਨ ਵਿੱਚ ਸੋਰੀਆਂ ਵੋ
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਂਵੇਂ ਕੱਟੀਏ ਪੋਰੀਆਂ ਪੋਰੀਆਂ ਵੋ
282. ਰਾਂਝੇ ਦਾ ਉੱਤਰ
ਨਾਥਾ ਜਿਊਂਦਿਆਂ ਮਰਨ ਹੈ ਖਰਾ ਔਖਾ ਸਾਥੋਂ ਇਹ ਨਾ ਵਾਇਦੇ ਹੋਵਨੇ ਨੀ
ਅਸੀਂ ਜਟ ਹਾਂ ਨਾੜੀਆਂ ਕਰਨ ਵਾਲੇ ਕਚਕਰੇ ਨਹੀਂ ਪਰੋਵਨੇ ਨੀ
ਐਵੇਂ ਕੰਨ ਪੜਾਇਕੇ ਖੁਆਰ ਹੋਏ ਸਾਥੋਂ ਨਹੀਂ ਹੁੰਦੇ ਏਡੇ ਰੋਵਨੇ ਨੀ
ਸਾਥੋਂ ਖਪਰੀ ਨਾਦ ਨਾ ਜਾਣ ਸਾਂਭੇ ਅਸਾਂ ਢੱਗੇ ਹੀ ਅੰਤ ਨੂੰ ਜੋਵਨੇ ਨੀ
ਰੰਨਾਂ ਨਾਲ ਜੋ ਵਰਜਦੇ ਚੇਲਿਆਂ ਨੂੰ ਉਹ ਗੁਰੂ ਨਾ ਬੰਨ੍ਹ ਕੇ ਚੋਵਨੇ ਨੀ
ਹੱਸ ਖੇਡਨਾ ਤੁਸਾਂ ਚਾ ਮਨ੍ਹਾ ਕੀਤਾ ਅਸਾਂ ਧੂਏ ਗੋਹੇ ਕਹੇ ਢੋਵਣੇ ਨੀ
ਵਾਰਸ ਸ਼ਾਹ ਕੀ ਜਾਣੀਏ ਅੰਤ ਆਖਰ ਖੱਟੇ ਚੋਵਨੇ ਕਿ ਮਿਠੇ ਚੋਵਨੇ ਨੀ
283. ਉੱਤਰ ਨਾਥ
ਛੱਡ ਯਾਰੀਆਂ ਚੋਰੀਆਂ ਦਗਾ ਜੱਟਾ ਬਹੁਤ ਔਖੀਆ ਇਹ ਫਕੀਰੀਆਂ ਨੀ
ਜੋਗ ਜਾਲਨਾ ਸਾਰ ਦਾ ਨਿਗਲਨਾ ਹੈ ਇਸ ਜੋਗ ਵਿੱਚ ਬਿਕਟ ਜ਼ਹੀਰੀਆਂ ਨੀ
ਜੋਗੀ ਨਾਲ ਸੱਤਾਪ ਦੇ ਹੋ ਜਾਂਦੇ ਜਿਵੇਂ ਉਠ ਦੇ ਨਕ ਨਕੀਰੀਆਂ ਨੀ
ਤੂੰਬਾ ਸਮਰਨਾ ਖਪਰੀ ਨਾਦ ਸਿੰਗੀ ਚਿਮਟਾ ਭੰਗ ਨਲੇਅਰ ਜ਼ੰਜੀਰੀਆਂ ਨੀ
ਛਡ ਤਰੀਮਤਾਂ ਦੀ ਝਾਕ ਹੋਇ ਜੋਗਿ ਫਕਰ ਨਾਲ ਜਹਾਨ ਕੀ ਸੀਰੀਆਂ ਨੀ
ਵਾਰਸ ਸ਼ਾਹ ਇਹ ਜਟ ਫਕੀਰ ਹੋਇਆ ਨਹੀਂ ਹੁੰਦੀਆਂ ਗਧੇ ਥੋਂ ਪੀਰੀਆਂ ਨੀ