

284. ਉੱਤਰ ਰਾਂਝਾ
ਸਾਨੂੰ ਜੋਗ ਦੀ ਰੀਝ ਤਦੋਕਨੀ ਸੀ ਜਦੋਂ ਹੀਰ ਸਿਆਲ ਮਹਿਬੂਬ ਕੀਤੇ
ਛਡ ਦੇਸ ਸ਼ਰੀਕ ਕਬੀਲੜੇ ਨੂੰ ਅਸਾਂ ਸ਼ਰਮ ਦਾ ਤਰਕ ਹਜੂਬ ਕੀਤੇ
ਰਲ ਹੀਰ ਦੇ ਨਾਲ ਸੀ ਉਮਰ ਜਾਲੀ ਅਸਾਂ ਮਜ਼ੇ ਜਵਾਨੀ ਦੇ ਖੂਬ ਕੀਤੇ
ਹੋਇਆ ਰਿਜ਼ਕ ਉਦਾਸ ਤੇ ਗਲ ਹਿੱਲੀ ਮਾਪਿਆਂ ਵਿਆਹ ਦੇ ਚਾ ਅਸਲੂਬ ਕੀਤੇ
ਦਿਹਾਂ ਕੰਡ ਦਿੱਤੀ ਪਵੀਂ ਬੁਰੀ ਸਾਇਤ ਨਾਲ ਖੇੜਿਆਂ ਦੇ ਮਨਸੂਬ ਕੀਤੇ
ਪਿਆ ਵਕਤ ਤਾਂ ਜੋਗ ਵਿੱਚ ਆਣ ਫਾਥੇ ਇਹ ਵਾਇਦੇ ਆਨ ਮਤਲੂਬ ਕੀਤੇ
ਇਹ ਇਸ਼ਕ ਨਾ ਟਲੇ ਪੈਗੰਬਰਾਂ ਥੋਂ ਥੋਥੇ ਇਸ਼ਕ ਥੀਂ ਹੱਡ ਅਯੂਬ ਕੀਤੇ
ਇਸ਼ਕ ਨਾਲ ਫਰਜ਼ੰਦ ਅਜ਼ੀਜ਼ ਯੂਸਫ ਨਾਅਰੇ ਦਰਦ ਦੇ ਬਹੁਤ ਯਾਅਕੂਬ ਕੀਤੇ
ਏਸ ਜ਼ੁਲਫ ਜ਼ੰਜੀਰ ਮਹਿਬੂਬ ਦੀ ਨੇ ਵਾਰਸ ਸ਼ਾਹ ਜਿਹੇ ਮਜ਼ਬੂਰ ਕੀਤੇ
285. ਬਾਲ ਨਾਥ ਨੇ ਦਰਗਾਹ ਅੰਦਰ ਅਰਜ਼ ਕੀਤੀ
ਨਾਥ ਮੀਟ ਅੱਖਾਂ ਦਰਗਾਹ ਅੰਦਰ ਨਾਲੇ ਅਰਜ਼ ਕਰਦਾ ਨਾਲੇ ਸੰਗਦਾ ਜੀ
ਦਰਗਾਹ ਲਾਉਬਾਲੀ ਹੈ ਹੱਕ ਵਾਲੀ ਓਥੇ ਆਦਮੀ ਬੋਲਦਾ ਹੰਗਦਾ ਜੀ
ਜ਼ਮੀਂ ਅਤੇ ਆਸਮਾਨ ਦਾ ਵਾਰਸ਼ੀ ਤੂੰ ਤੇਰਾ ਵੱਡਾ ਪਸਾਰ ਹੈ ਰੰਗ ਦਾ ਜੀ
ਰਾਝਾ ਜਟ ਫਕੀਰ ਹੋ ਆਨ ਬੈਠਾ ਲਾਹ ਆਸਰਾ ਨਾਮ ਤੇ ਨੰਗ ਦਾ ਜੀ
ਸਭ ਛੱਡੀਆਂ ਬੁਰਆਈਆਂ ਬੰਨ੍ਹ ਤਕਵਾ ਲਾਹ ਆਸਰਾ ਸਾਕ ਤੇ ਅੰਗ ਦਾ ਜੀ
ਮਾਰ ਹੀਰ ਦੇ ਨੈਨਾ ਨੇ ਖੁਆਰ ਕੀਤਾ ਲੱਗਾ ਜਿਗਰ ਵਿੱਚ ਤੀਰ ਖਦੰਗ ਦਾ ਜੀ
ਏਸ ਇਸ਼ਕ ਨੇ ਮਾਰ ਹੈਰਾਨ ਕੀਤਾ ਸੜ ਗਿਆ ਜਿਉਂ ਅੰਗ ਪਤੰਗ ਦਾ ਜੀ
ਕੰਨ ਪਾੜ ਮਨਾਇਕੇ ਸੀਸ ਦਾੜ੍ਹੀ ਪੀਏ ਬਹਿ ਪਿਆਲੜਾ ਭੰਗ ਦਾ ਜੀ
ਜੋਗੀ ਹੋ ਕੇ ਦੇਸ ਤਿਆਗ ਆਇਆ ਰਿਜ਼ਕ ਦੂਰ ਹੈ ਕੁੰਜ ਕਲੰਗ ਦਾ ਜੀ
ਤੁਸੀਂ ਰਬ ਗਰੀਬ ਨਵਾਜ਼ ਸਾਹਬ ਸਵਾਲ ਸੁਣਨਾ ਏਸ ਮਲੰਗ ਦਾ ਜੀ
ਕੀਕੂੰ ਹੁਕਮ ਹੈ ਖੋਲ ਕੇ ਕਹੋ ਅਸਲੀ ਰਾਂਝਾ ਹੋ ਜੋਗੀ ਹੀਰ ਮੰਗਦਾ ਜੀ
ਪੰਜਾਂ ਪੀਰਾਂ ਦਰਗਾਹ ਵਿੱਚ ਅਰਜ਼ ਕੀਤੀ ਦੋਵੇ ਫਕਰ ਨੂੰ ਚਰਮ ਪਲੰਗ ਦਾ ਜੀ
ਹੋਇਆ ਹੁਕਮ ਦਰਗਾਹ ਥੀਂ ਹੀਰ ਬਖਸ਼ੀ ਬੇੜਾ ਲਾ ਦਿੱਤਾ ਅਸਾਂ ਢੰਗ ਦਾ ਜੀ
ਵਾਰਸ ਸ਼ਾਹ ਹੁਣ ਜਿਨ੍ਹਾਂ ਨੂੰ ਰਬ ਬਖਸ਼ੇ ਤਿਨ੍ਹਾਂ ਨਾਲ ਕੀ ਮਕਿਮਾ ਜੰਗ ਦਾ ਜੀ