

ਕੀਲ ਡਇਣਾਂ ਕੱਚੀਆਂ ਪੱਕੀਆਂ ਨੂੰ ਦੰਦ ਪਨ ਕੇ ਲਿਟਾਂ ਮੁਨਾਵਨੇ ਹਾਂ
ਜਾਣ ਸਹਿਰ ਜਾਦੂ ਚੜ੍ਹੇ ਭੂਤ ਕੁੱਦੇ ਗੰਡਾ ਕੀਲ ਦਵਾਲੇ ਦਾ ਪਾਵਨੇ ਹਾਂ
ਕਿਸੇ ਨਾਲ ਜੇ ਵੈਰ ਵਰੋਧ ਹੋਵੇ ਉਹਨੂੰ ਭੂਤ ਮਸਾਦ ਚਮੜਾਵਨੇ ਹਾਂ
ਬੁਰਾ ਬੋਲਦੀ ਜਿਹੜੀ ਜੋਗੀਆਂ ਨੂੰ ਸਿਰ ਮੁੰਨ ਕੇ ਗਧੇ ਚੜ੍ਹਾਵਨੇ ਹਾਂ
ਜੈਦੇ ਨਾਲ ਮੁਦਪੜਾ ਠੀਕ ਹੋਵੇ ਉਹਨੂੰ ਬੀਰ ਬੇਤਾਲ ਭਛਾਵਨੇ ਹਾਂ
ਅਸੀਂ ਖੇੜਿਆਂ ਦੇ ਘਰੋ ਇੱਕ ਬੂਟਾ ਹੁਕਮ ਰੱਬ ਦੇ ਨਾਲ ਪਟਾਵਨੇ ਹਾਂ
ਵਾਰਸ ਸ਼ਾਹ ਜੇ ਹੋਰ ਨਾ ਦਾਉ ਲੱਗੇ ਸਿਰ ਪ੍ਰੇਮ ਜੜੀਆਂ ਚਾ ਪਾਵਨੇ ਹਾਂ
376. ਉੱਤਰ ਸਹਿਤੀ
ਮਹਿਬੂਬ ਅੱਲਾਹ ਦੇ ਲਾਡਲੇ ਹੋ ਏਸ ਵੌਹਟੜੀ ਨੂੰ ਕੋਈ ਸੂਲ ਹੈ ਜੀ
ਕੋਈ ਗੁਝੜਾ ਰੋਗ ਹੈ ਏਸ ਧਾਨਾ ਪਈ ਨਿਤ ਇਹ ਰਹੇ ਰੰਜੂਲ ਹੈ ਜੀ
ਹੱਥੋਂ ਲੁੜ੍ਹ ਵਿੰਹਦੀ ਲਾਹੂ ਲੱਥੜੀ ਹੈ ਦੇਹੀ ਹੋ ਜਾਂਦੀ ਮਖਬੂਲ ਹੈ ਜੀ
ਮੂੰਹੋਂ ਮਿਠੜੀ ਲਾਡ ਦੇ ਨਾਲ ਬੋਲੇ ਹਰ ਕਿਸੇ ਦੇ ਨਾਲ ਮਾਅਕੂਲ ਹੈ ਜੀ
ਮੂਧਾ ਪਿਆ ਹੈ ਝੁਗੜਾ ਨਿਤ ਸਾਡਾ ਇਹ ਵੋਹਟੜੀ ਘਰੇ ਦਾ ਮੂਲ ਹੈ ਜੀ
ਮੇਰੇ ਵੀਰ ਦੇ ਨਾਲ ਹੈ ਵੈਰ ਇਸ ਦਾ ਜੇਹਾ ਕਾਫਰਾਂ ਨਾਲ ਰਸੂਲ ਹੈ ਜੀ
ਅੱਗੇ ਏਸ ਦੇ ਸਾਹੁਰੇ ਹੱਥ ਬੱਧੇ ਜੋ ਕੁਝ ਆਖਦੀ ਸਭ ਕਬੂਲ ਹੈ ਜੀ
ਵਾਰਸ ਪਲੰਘ ਤੇ ਕਦੇ ਨਾ ਉਠ ਬੈਠੇ ਢਿੱਡ ਵਿੱਚ ਫਿਰੇ ਡੰਡਲ ਹੈ ਜੀ
377. ਉੱਤਰ ਰਾਂਝਾ
ਨਬਜ਼ ਦੇਖ ਕੇ ਏਸ ਦੀ ਕਰਾਂ ਕਾਰੀ ਦੇ ਵੇਦਨਾ ਸਭ ਬਤਾਇ ਮੈਨੂੰ
ਨਾੜ ਦੇਖ ਕੇ ਕਰਾਂ ਇਲਾਜ ਇਸਦਾ ਜੇ ਇਹ ਉਠ ਕੇ ਸੱਤ ਵਿਖਾਏ ਮੈਨੂੰ
ਰੋਗ ਕਾਸ ਤੋਂ ਚੱਲਿਆ ਕਰੇ ਜ਼ਾਹਰ ਮਜ਼ਾ ਮੂੰਹ ਦਾ ਦੇ ਬਤਾਏ ਮੈਨੂੰ
ਵਾਰਸ ਸ਼ਾਹ ਮੀਆਂ ਛੱਤੀ ਰੋਗ ਕੱਟਾਂ ਬਿਲਕ ਮੌਤ ਥੀਂ ਲਵਾਂ ਬਚਾਇ ਇਹਨੂੰ
378. ਉਹੀ
ਖੰਘ ਖੁਰਕ ਤੇ ਸਾਹ ਤੇ ਅੱਖ ਆਈ ਸੁਲ ਦੰਦ ਦੀ ਪੀੜ ਗਵਾਵਨੇ ਹਾਂ
ਕੌਲੰਜ ਤਪ ਦਿਕ ਤੇ ਮੁਹਰਕਾ ਤਪ ਉਹਨੂੰ ਕਾੜਿਆਂ ਨਾਲ ਗਵਾਵਨੇ ਹਾਂ