Back ArrowLogo
Info
Profile

 

  1. ਹਮਦ

ਅੱਵਲ ਹਮਦ ਖ਼ੁਦਾਇ ਦਾ ਵਿਰਦ ਕੀਜੇ, ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ।

ਪਹਿਲੇ ਆਪ ਹੈ ਰਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ ।

ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ, ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ।

ਖਿਲੇ ਤਿਨ੍ਹਾਂ ਦੇ ਬਾਗ਼ ਕਲੂਬ ਅੰਦਰ, ਜਿਨ੍ਹਾਂ ਕੀਤਾ ਹੈ ਇਸ਼ਕ ਕਬੂਲ ਮੀਆਂ ।

 

(ਅੱਵਲ=ਸਭ ਤੋਂ ਪਹਿਲਾਂ, ਹਮਦ=ਸਿਫਤ, ਵਿਰਦ=ਸਿਮਰਨ,ਜ਼ਿਕਰ, ਮੂਲ=ਜੜ੍ਹ, ਬੁਨਿਆਦ, ਨਬੀ ਰਸੂਲ=ਹਜ਼ਰਤ ਮੁਹੰਮਦ ਸਾਹਿਬ, ਰੰਜੂਲ=ਰੰਜੂਰ,ਗ਼ਮਨਾਕ, ਮਰਤਬਾ=ਪਦਵੀ, ਕਲੂਬ=ਦਿਲ, ਬਾਬ=ਦਰਵਾਜ਼ਾ; ਪਾਠ ਭੇਦ: ਕੀਜੇ=ਕੀਚੈ, ਖਿਲੇ ਤਿਨ੍ਹਾਂ ਦੇ ਬਾਗ਼=ਖੁਲ੍ਹੇ ਤਿਨ੍ਹਾਂ ਦੇ ਬਾਬ)

 

  1. ਰਸੂਲ ਦੀ ਸਿਫ਼ਤ

ਦੂਈ ਨਾਅਤ ਰਸੂਲ ਮਕਬੂਲ ਵਾਲੀ, ਜੈਂਦੇ ਹੱਕ ਨਜ਼ੂਲ ਲੌਲਾਕ ਕੀਤਾ ।

ਖ਼ਾਕੀ ਆਖ ਕੇ ਮਰਤਬਾ ਵਡਾ ਦਿੱਤਾ, ਸਭ ਖ਼ਲਕ ਦੇ ਐਬ ਥੀਂ ਪਾਕ ਕੀਤਾ ।

ਸਰਵਰ ਹੋਇਕੇ ਔਲੀਆਂ ਅੰਬੀਆਂ ਦਾ, ਅੱਗੇ ਹੱਕ ਦੇ ਆਪ ਨੂੰ ਖ਼ਾਕ ਕੀਤਾ ।

ਕਰੇ ਉੱਮਤੀ ਉੱਮਤੀ ਰੋਜ਼ ਕਿਆਮਤ, ਖੁਸ਼ੀ ਛੱਡ ਕੇ ਜੀਉ ਗ਼ਮਨਾਕ ਕੀਤਾ ।

 

(ਨਾਅਤ=ਰਸੂਲ ਦੀ ਸ਼ਾਨ ਵਿੱਚ ਸਿਫਤ ਭਰੇ ਸ਼ਿਅਰ ਜਾਂ ਕਵਿਤਾ, ਨਜ਼ੂਲ=ਰਬ ਨੇ ਉਤਾਰਿਆ,ਨਾਜ਼ਲ ਕੀਤਾ, ਲੌਲਾਕ=ਹਦੀਸ ਵਲ ਇਸ਼ਾਰਾ ਹੈ, "ਬਲੌਲਾਕਾ ਲਮਾ ਖ਼ਲਕਤੁਲ ਅਫਲਾਕ" ਭਾਵ ਜੇ ਕਰ ਤੂੰ ਨਾ ਹੁੰਦਾ ਤਾਂ ਮੈਂ ਆਕਾਸ਼ ਪੈਦਾ ਨਾ ਕੀਤੇ ਹੁੰਦੇ, ਹਦੀਸ=ਰਸੂਲ ਦੇ ਕਹੇ ਸ਼ਬਦਾਂ ਅਤੇ ਕੰਮ ਦੀ ਖ਼ਬਰ, ਖ਼ਾਕੀ=ਮਿੱਟੀ ਦਾ ਬਣਿਆ, ਸਰਵਰ=ਸਰਦਾਰ, ਔਲੀਆ=ਵਲੀ ਦਾ ਬਹੁ-ਵਚਨ,ਰਬ ਦੇ ਪਿਆਰੇ, ਅੰਬੀਆਂ=ਨਬੀ ਦਾ ਬਹੁ-ਵਚਨ,ਰਬ ਦੇ ਨਾਇਬ, ਹੱਕ=ਰਬ, ਉਮਤੀ=ਉਮਤ ਦਾ ਇੱਕਵਚਨ, ਮੁਸਲਮਾਨ)

 

  1. ਰਸੂਲ ਦੇ ਚੌਹਾਂ ਸਾਥੀਆਂ ਦੀ ਸਿਫ਼ਤ

ਚਾਰੇ ਯਾਰ ਰਸੂਲ ਦੇ ਚਾਰ ਗੌਹਰ, ਸੱਭੇ ਇੱਕ ਥੀਂ ਇੱਕ ਚੜ੍ਹੰਦੜੇ ਨੇ ।

ਅਬੂ ਬਕਰ ਤੇ ਉਮਰ, ਉਸਮਾਨ, ਅਲੀ, ਆਪੋ ਆਪਣੇ ਗੁਣੀਂ ਸੋਹੰਦੜੇ ਨੇ ।

ਜਿਨ੍ਹਾਂ ਸਿਦਕ ਯਕੀਨ ਤਹਿਕੀਕ ਕੀਤਾ, ਰਾਹ ਰਬ ਦੇ ਸੀਸ ਵਿਕੰਦੜੇ ਨੇ ।

ਜ਼ੌਕ ਛੱਡ ਕੇ ਜਿਨਾਂ ਨੇ ਜ਼ੁਹਦ ਕੀਤਾ, ਵਾਹ ਵਾਹ ਉਹ ਰੱਬ ਦੇ ਬੰਦੜੇ ਨੇ ।

 

(ਗੌਹਰ=ਮੋਤੀ, ਅਬੂ ਬਕਰ, ਉਮਰ, ਉਸਮਾਨ ਅਤੇ ਅਲੀ ਇਹ ਪਹਿਲੇ ਚਾਰ ਖ਼ਲੀਫ਼ੇ ਹਨ, ਖਲੀਫ਼ਾ=ਰਸੂਲ ਸਾਹਿਬ ਵਾਂਗੂੰ ਇਸਲਾਮ ਦੇ ਰੂਹਾਨੀ ਲੀਡਰ, ਜ਼ੁਹਦ=ਬੰਦਗੀ; ਪਾਠ ਭੇਦ=ਜ਼ੌਕ=ਸ਼ੌਕ)

 

  1. ਪੀਰ ਦੀ ਸਿਫ਼ਤ

ਮਦਹ ਪੀਰ ਦੀ ਹੁਬ ਦੇ ਨਾਲ ਕੀਚੈ, ਜੈਂਦੇ ਖ਼ਾਦਮਾਂ ਦੇ ਵਿੱਚ ਪੀਰੀਆਂ ਨੀ ।

ਬਾਝ ਓਸ ਜਨਾਬ ਦੇ ਪਾਰ ਨਾਹੀਂ, ਲਖ ਢੂੰਡਦੇ ਫਿਰਨ ਫ਼ਕੀਰੀਆਂ ਨੀ ।

ਜਿਹੜੇ ਪੀਰ ਦੀ ਮਿਹਰ ਮਨਜ਼ੂਰ ਹੋਏ, ਘਰ ਤਿਨ੍ਹਾਂ ਦੇ ਪੀਰੀਆ ਮੀਰੀਆਂ ਨੀ ।

ਰੋਜ਼ ਹਸ਼ਰ ਦੇ ਪੀਰ ਦੇ ਤਾਲਿਬਾਂ ਨੂੰ, ਹੱਥ ਸਜੜੇ ਮਿਲਣਗੀਆਂ ਚੀਰੀਆਂ ਨੀ ।

 

(ਮਦਹ=ਸਿਫ਼ਤ, ਹੁਬ=ਪਿਆਰ, ਸ਼ਰਧਾ, ਰੋਜ਼ ਹਸ਼ਰ=ਕਿਆਮਤ ਦਾ ਦਿਨ ਜਦੋਂ ਸਾਰੇ ਦਫਨ ਕੀਤੇ ਮੁਰਦੇ ਕਬਰਾਂ ਵਿੱਚੋਂ ਜਿਊਂਦੇ ਹੋ ਕੇ ਉੱਠਣਗੇ, ਚੀਰੀ= ਪਰਵਾਨਾ, ਮੀਰੀ=ਸਰਦਾਰੀ, ਤਾਲਿਬ= ਮੁਰੀਦ,ਸੱਚੀ ਤਲਬ ਰੱਖਣ ਵਾਲਾ)

 

  1. ਬਾਬਾ ਫਰੀਦ ਸ਼ਕਰ ਗੰਜ ਦੀ ਸਿਫ਼ਤ

ਮੌਦੂਦ ਦਾ ਲਾਡਲਾ ਪੀਰ ਚਿਸ਼ਤੀ, ਸ਼ਕਰ-ਗੰਜ ਮਸਉਦ ਭਰਪੂਰ ਹੈ ਜੀ ।

ਖ਼ਾਨਦਾਨ ਵਿੱਚ ਚਿਸ਼ਤ ਦੇ ਕਾਮਲੀਅਤ, ਸ਼ਹਿਰ ਫਕਰ ਦਾ ਪਟਣ ਮਾਮੂਰ ਹੈ ਜੀ।

ਬਾਹੀਆਂ ਕੁਤਬਾਂ ਵਿੱਚ ਹੈ ਪੀਰ ਕਾਮਲ, ਜੈਂਦੀ ਆਜਜ਼ੀ ਜ਼ੁਹਦ ਮਨਜ਼ੂਰ ਹੈ ਜੀ ।

ਸ਼ਕਰ ਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ ।

 

(ਮੌਦੂਦ=ਖਵਾਜਾ ਮੁਹੰਮਦ ਮੌਦੂਦ ਚਿਸ਼ਤੀ ਇਨ੍ਹਾਂ ਦਾ ਮਜ਼ਾਰ ਚਿਸ਼ਤ ਖੁਰਾਸਾਨ ਵਿੱਚ ਹਰਾਤ ਸ਼ਹਿਰ ਦੇ ਲਾਗੇ ਹੈ, ਮਸਊਦ =ਬਾਬਾ ਫਰੀਦ ਸ਼ਕਰ ਗੰਜ ਦਾ ਪੂਰਾ ਨਾਂ ਫਰੀਦਉੱਦੀਨ ਮਸਊਦ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੀ ਬਾਈ ਸ਼ਾਮਲ ਹੈ, ਕਾਮਲ-ਪੂਰਾ, ਪਟਣ-ਪਾਕ ਪਟਣ, ਜਿਲਾ ਸਾਹੀਵਾਲ ਜਿੱਥੇ ਬਾਬਾ ਫਰੀਦ ਜੀ ਨੇ ਆ ਕੇ ਡੇਰਾ ਲਾਇਆ ਸੀ, ਮਾਮੂਰ ਆਬਾਦ, ਖੁਸ਼ਹਾਲ, ਕਾਮਲੀਅਤ=ਪੂਰਣਤਾਈ, ਪਾਠ ਭੇਦ; ਮੁਕਾਮ=ਮਕਾਨ)

1 / 96
Previous
Next