ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭ ਸੁਹਣੀ ਨਾਲ ਸੁਣਾਈਏ ਜੀ।
ਨਾਲ ਅਜਬ ਬਹਾਰ ਦੇ ਸ਼ਿਅਰ ਕਹਿ ਕੇ ਰਾਂਝੇ ਹੀਰ ਦਾ ਮੇਲ ਕਰਾਈਏ ਜੀ।
ਯਾਰਾਂ ਨਾਲ ਬਹਿ ਕੇ ਵਿਚ ਮਜਲਿਸਾਂ, ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।
(ਝੋਕ=ਡੇਰਾ ਪਿੰਡ, ਮਜਾਲਸਾਂ=ਮਜਲਸ ਦਾ ਬਹੁ-ਵਚਨ, ਪਾਠ ਭੇਦ: ਕਿੱਸਾ=ਇਸ਼ਕ, ਜੀਭ ਸੁਹਣੀ=ਢਬ ਸੁਹਣੇ, ਬਹਿਕੇ ਵਿਚ ਮਜਲਿਸਾਂ=ਮਜਾਲਸਾਂ ਵਿੱਚ ਬਹਿ ਕੇ)
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ।
ਫ਼ਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁਲ ਗੁਲਾਬ ਦਾ ਤੋੜਿਆ ਏ ।
ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ, ਫਰਹਾਦ ਪਹਾੜ ਨੂੰ ਤੋੜਿਆ ਏ।
ਸੱਭਾ ਵੀਣ ਕੇ ਜੇਬ ਬਣਾਇ ਦਿੱਤਾ, ਜੇਹਾ ਇਤਰ ਗੁਲਾਬ ਨਚੋੜਿਆ ਏ।
(ਬਹਾਰ= ਸੁਹਣਾ,ਖੁਸ਼ੀ, ਦਰੁਸਤ=ਠੀਕ, ਸਹੀ, ਵੀਣ ਕੇ=ਚੁਣ ਕੇ, ਜ਼ੇਬ=ਸੁੰਦਰ)
ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ, ਜਿੱਥੇ ਰਾਂਝਿਆਂ ਰੰਗ ਮਚਾਇਆ ਏ ।
ਛੈਲ ਗੱਭਰੂ, ਮਸਤ ਅਲਬੇਲੜੇ ਨੀ, ਸੁੰਦਰ ਹਿੱਕ ਥੀਂ ਹਿੱਕ ਸਵਾਇਆ ਏ।
ਵਾਲੇ ਕੇਕਲੇ, ਮੁੰਦਰੇ, ਮਝ ਲੁੰਝੀ, ਨਵਾਂ ਠਾਠ ਤੇ ਠਾਠ ਚੜ੍ਹਾਇਆ ਏ ।
ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ ।
(ਮਝ=ਲੱਕ ਦੁਆਲੇ, ਲੁੰਝੀ=ਚਾਦਰਾ, ਬਹਿਸ਼ਤ=ਭਿਸਤ; ਪਾਠ ਭੇਦ: ਕੇਹੀ ਤਖ਼ਤ ਹਜ਼ਾਰੇ ਦੀ ਸਿਫ਼ਤ ਕੀਜੇ=ਇੱਕ ਤਖ਼ਤ ਹਜ਼ਾਰਿਉ ਗੱਲ ਕੀਜੈ, ਕੇਹੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ=ਵਾਰਿਸ ਕੀ ਹਜ਼ਾਰੇ ਦੀ ਸਿਫਤ ਆਖਾਂ, ਗੋਇਆ)
ਮੌਜੂ ਚੌਧਰੀ ਪਿੰਡ ਦੀ ਪਾਂਧ ਵਾਲਾ, ਚੰਗਾ ਭਾਈਆਂ ਦਾ ਸਰਦਾਰ ਆਹਾ ।
ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ, ਵੱਡ-ਟੱਬਰਾ ਤੇ ਸ਼ਾਹੂਕਾਰ ਆਹਾ ।
ਭਲੀ ਭਾਈਆਂ ਵਿੱਚ ਪਰਤੀਤ ਉਸਦੀ, ਮੰਨਿਆ ਚੌਂਤਰੇ 'ਤੇ ਸਰਕਾਰ ਆਹਾ।
ਵਾਰਿਸ ਸ਼ਾਹ ਇਹ ਕੁਦਰਤਾਂ ਰਬ ਦੀਆਂ ਨੀ, ਧੀਦੋ ਨਾਲ ਉਸ ਬਹੁਤ ਪਿਆਰ ਆਹਾ ।
(ਪਾਂਧ=ਇੱਜ਼ਤ, ਪੁਛ ਗਿਛ ਵਾਲਾ, ਦਰਬ=ਦੌਲਤ, ਚੌਂਤਰਾ=ਚਬੂਤਰਾ, ਪਾਠ ਭੇਦ: ਵੱਡ-ਟੱਬਰਾ ਤੇ ਸ਼ਾਹੂਕਾਰ=ਦਰਬ ਤੇ ਮਾਲ ਪਰਵਾਰ)
ਬਾਪ ਕਰੇ ਪਿਆਰ ਤੇ ਵੈਰ ਭਾਈ, ਡਰ ਬਾਪ ਦੇ ਥੀਂ ਪਏ ਸੰਗਦੇ ਨੇ ।
ਗੁਝੇ ਮੇਹਣੇ ਮਾਰ ਦੇ ਸੱਪ ਵਾਂਙੂ, ਉਸ ਦੇ ਕਾਲਜੇ ਨੂੰ ਪਏ ਡੰਗਦੇ ਨੇ ।
ਕੋਈ ਵੱਸ ਨਾ ਚੱਲੇ ਜੋ ਕੱਢ ਛਡਣ, ਦੇਂਦੇ ਮੇਹਣੇ ਰੰਗ ਬਰੰਗ ਦੇ ਨੇ ।
ਵਾਰਿਸ ਸ਼ਾਹ ਇਹ ਗਰਜ਼ ਹੈ ਬਹੁਤ ਪਿਆਰੀ, ਹੋਰ ਸਾਕ ਨ ਸੈਨ ਨਾ ਅੰਗ ਦੇ ਨੇ ।
(ਸੈਨ=ਰਿਸ਼ਤੇਦਾਰ, ਸਬੰਧੀ; ਪਾਠ ਭੇਦ= ਚੱਲੇ ਜੋ =ਚੱਲਣੇ, ਦੇਂਦੇ=ਦੇ ਦੇ)
ਤਕਦੀਰ ਸੇਤੀ ਮੌਜੂ ਫ਼ੌਤ ਹੋਇਆ, ਭਾਈ ਰਾਂਝੇ ਦੇ ਨਾਲ ਖਹੇੜਦੇ ਨੇ ।
ਖਾਏਂ ਰੱਜ ਕੇ ਘੂਰਦਾ ਫਿਰੇਂ ਰੰਨਾਂ, ਕੱਢ ਰਿੱਕਤਾਂ ਧੀਦੋ ਨੂੰ ਛੇੜਦੇ ਨੇ ।
ਨਿੱਤ ਸੱਜਰਾ ਘਾਉ ਕਲੇਜੜੇ ਦਾ, ਗੱਲਾਂ ਤ੍ਰਿੱਖੀਆਂ ਨਾਲ ਉਚੇੜਦੇ ਨੇ ।
ਭਾਈ ਭਾਬੀਆਂ ਵੈਰ ਦੀਆਂ ਕਰਨ ਗੱਲਾਂ, ਏਹਾ ਝੰਝਟ ਨਿੱਤ ਨਬੇੜਦੇ ਨੇ ।
(ਖਹੇੜਦੇ=ਲੜਦੇ, ਖਹਿ ਬਾਜ਼ੀ ਕਰਦੇ, ਰਿੱਕਤਾਂ=ਮਖੌਲ, ਝੰਜਟ=ਝਗੜਾ, ਪਾਠ ਭੇਦ: ਫ਼ੌਤ=ਹੱਕ)
ਹਾਜ਼ਿਰ ਕਾਜ਼ੀ ਤੇ ਪੈਂਚ ਸਦਾਇ ਸਾਰੇ, ਭਾਈਆਂ ਜ਼ਿਮੀਂ ਨੂੰ ਕੱਛ ਪਵਾਈ ਆਹੀ ।
ਵੱਢੀ ਦੇ ਕੇ ਜ਼ਿਮੀਂ ਲੈ ਗਏ ਚੰਗੀ, ਬੰਜਰ ਜ਼ਿਮੀਂ ਰੰਝੇਟੇ ਨੂੰ ਆਈ ਆਹੀ ।
ਕੱਛਾਂ ਮਾਰ ਸ਼ਰੀਕ ਮਜ਼ਾਖ ਕਰਦੇ, ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ ।
ਗੱਲ ਭਾਬੀਆਂ ਏਹ ਬਣਾਇ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਹੀ ।
(ਕਛ ਪਵਾਈ=ਮਿਣਤੀ ਕਰਾਈ, ਕੱਛਾਂ ਮਾਰ=ਖੁਸ਼ ਹੋ ਕੇ, ਬਾਬ=ਬੁਰੀ ਹਾਲਤ, ਫੱਕੜੀ ਲਾਈ=ਮੌਜੂ ਬਣਾ ਛੱਡਿਆ; ਪਾਠ ਭੇਦ= ਜ਼ਿਮੀਂ ਲੈ ਗਏ ਚੰਗੀ=ਭੁਇੰ ਦੇ ਬਣੇ ਵਾਰਿਸ)
ਮੂੰਹ ਚੱਟ ਜੋ ਆਰਸੀ ਨਾਲ ਵੇਖਣ, ਤਿਨ੍ਹਾਂ ਵਾਹਣ ਕੇਹਾ ਹਲ ਵਾਹੁਣਾ ਈ ।
ਪਿੰਡਾ ਪਾਲ ਕੇ ਚੋਪੜੇ ਪਟੇ ਜਿਨ੍ਹਾਂ, ਕਿਸੇ ਰੰਨ ਕੀ ਉਨ੍ਹਾਂ ਤੋਂ ਚਾਹੁਣਾ ਈ ।
ਜਿਹੜਾ ਭੁਇੰ ਦੇ ਮਾਮਲੇ ਕਰੇ ਬੈਠਾ, ਏਸ ਤੋੜ ਨਾ ਮੂਲ ਨਿਬਾਹੁਣਾ ਈ ।
ਪਿਆ ਵੰਝਲੀ ਵਾਹੇ ਤੇ ਰਾਗ ਗਾਵੇ ਕੋਈ ਰੋਜ਼ ਦਾ ਇਹ ਪ੍ਰਾਹੁਣਾ ਈ ।
(ਆਰਸੀ=ਸ਼ੀਸ਼ਾ, ਦਿਹੇਂ = ਦਿਨ ਵੇਲੇ; ਪਾਠ ਭੇਦ: ਪਿਆ ਵੰਝਲੀ ਵਾਹੇ ਤੇ ਰਾਗ =ਦਿਹੇਂ ਵੰਝਲੀ ਵਾਹੇ ਤੇ ਰਾਤ)