ਰਾਂਝਾ ਜੋਤਰਾ ਵਾਹ ਕੇ ਥੱਕ ਰਹਿਆ, ਲਾਹ ਅਰਲੀਆਂ ਛਾਉਂ ਨੂੰ ਆਂਵਦਾ ਏ ।
ਭੱਤਾ ਆਣ ਕੇ ਭਾਬੀ ਨੇ ਕੋਲ ਧਰਿਆ, ਹਾਲ ਆਪਣਾ ਰੋ ਸੁਣਾਂਵਦਾ ਏ ।
ਛਾਲੇ ਪਏ ਤੇ ਹੱਥ ਤੇ ਪੈਰ ਫੁੱਟੇ, ਸਾਨੂੰ ਵਾਹੀ ਦਾ ਕੰਮ ਨਾ ਭਾਂਵਦਾ ਏ ।
ਭਾਬੀ ਆਖਦੀ ਲਾਡਲਾ ਬਾਪ ਦਾ ਸੈਂ, ਵਾਰਿਸ ਸ਼ਾਹ ਪਿਆਰਾ ਹੀ ਮਾਉਂ ਦਾ ਏ ।
ਰਾਂਝਾ ਆਖਦਾ ਭਾਬੀਉ ਵੈਰਨੋ ਨੀ, ਤੁਸਾਂ ਭਾਈਆ ਨਾਲੋਂ ਵਿਛੋੜਿਆ ਜੇ ।
ਖ਼ੁਸ਼ੀ ਰੂਹ ਨੂੰ ਬਹੁਤ ਦਿਲਗੀਰ ਕੀਤਾ, ਤੁਸਾਂ ਫੁੱਲ ਗੁਲਾਬ ਦਾ ਤੋੜਿਆ ਜੇ ।
ਸਕੇ ਭਾਈਆਂ ਨਾਲੋਂ ਵਿਛੋੜ ਮੈਨੂੰ, ਕੰਡਾ ਵਿੱਚ ਕਲੇਜੇੜੇ ਪੋੜਿਆ ਜੇ ।
ਭਾਈ ਜਿਗਰ ਤੇ ਜਾਨ ਸਾਂ ਅਸੀਂ ਅੱਠੇ, ਵੱਖੋ ਵੱਖ ਹੀ ਚਾਇ ਨਿਖੋੜਿਆ ਜੇ ।
ਨਾਲ ਵੈਰ ਦੇ ਰਿੱਕਤਾਂ ਛੇੜ ਭਾਬੀ, ਸਾਨੂੰ ਮੇਹਣਾ ਹੋਰ ਚਿਮੋੜਿਆ ਜੇ ।
ਜਦੋਂ ਸਫ਼ਾਂ ਹੋ ਟੁਰਨਗੀਆਂ ਤਰਫ ਜੰਨਤ, ਵਾਰਿਸ ਸ਼ਾਹ ਦੀ ਵਾਗ ਨਾ ਮੋੜਿਆ ਜੇ।
(ਦਿਲਗੀਰ=ਉਦਾਸ, ਪੋੜਿਆ=ਚੁਭੋਇਆ, ਨਿਖੋੜਿਆ=ਜੁਦਾ ਕੀਤਾ, ਸਫ਼ਾਂ ਹੋ ਟੁਰਨਗੀਆਂ ਤਰਫ ਜੰਨਤ=ਕਿਆਮਤ ਵਾਲੇ ਦਿਨ)
ਕਰੇਂ ਆਕੜਾਂ ਖਾਇ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ ।
ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ ।
ਇਹ ਰਾਂਝੇ ਦੇ ਨਾਲ ਹਨ ਘਿਉ-ਸ਼ੱਕਰ, ਪਰ ਜੀਉ ਦਾ ਭੇਤ ਨਾ ਦੱਸਦੀਆਂ ਨੇ।
ਰੰਨਾਂ ਡਿਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿਚ ਮੱਖੀਆਂ ਫਸਦੀਆਂ ਨੇ।
ਇੱਕ ਤੂੰ ਕਲੰਕ ਹੈਂ ਅਸਾਂ ਲੱਗਾ, ਹੋਰ ਸਭ ਸੁਖਾਲੀਆਂ ਵਸਦੀਆਂ ਨੇ।
ਘਰੋਂ ਨਿਕਲਸੇ ਤੇ ਜਦੋਂ ਮਰੇਂ ਭੁਖਾ, ਭੁਲ ਜਾਣ ਤੈਨੂੰ ਸੱਭੇ ਖਰਮਸਤੀਆਂ ਨੇ ।
ਵਾਰਿਸ ਜਿਨ੍ਹਾਂ ਨੂੰ ਆਦਤਾਂ ਭੈੜੀਆਂ ਨੀ, ਸਭ ਖ਼ਲਕਤਾਂ ਉਨ੍ਹਾਂ ਤੋਂ ਨਸਦੀਆਂ ਨੇ।
(ਨਿਹਾਲ=ਖੁਸ਼, ਘਿਉ ਸ਼ੱਕਰ= ਇੱਕ ਮਿਕ)
ਤੁਸਾਂ ਛੱਤਰੇ ਮਰਦ ਬਣਾ ਦਿੱਤੇ, ਸੱਪ ਰੱਸੀਆਂ ਦੇ ਕਰੋ ਡਾਰੀਉ ਨੀ ।
ਰਾਜੇ ਭੋਜ ਦੇ ਮੂੰਹ ਲਗਾਮ ਦੇ ਕੇ, ਚੜ੍ਹ ਦੌੜੀਆਂ ਹੋ ਟੂਣੇ ਹਾਰੀਉ ਨੀ ।
ਕੈਰੋ ਪਾਂਡਵਾਂ ਦੀ ਸਫ਼ਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਬੁਰਿਆਰਿਉ ਨੀ।
ਰਾਵਣ ਲੰਕ ਲੁਟਾਇਕੇ ਗ਼ਰਕ ਹੋਇਆ, ਕਾਰਨ ਤੁਸਾਂ ਦੇ ਹੀ ਹੈਂਸਿਆਰੀਉ ਨੀ ।
(ਤੁਸਾਂ ਛਤਰੇ ਮਰਦ=ਕਹਿੰਦੇ ਹਨ ਕਿ ਜਦੋਂ ਰਾਜਾ ਰਸਾਲੂ ਆਪਦੇ ਤੋਤੇ ਨੂੰ ਨਾਲ ਲੈ ਕੇ ਰਾਣੀ ਕੋਕਲਾਂ ਨੂੰ ਵਿਆਹੁਣ ਗਿਆ ਤਾਂ ਰਸਤੇ ਵਿੱਚ ਇੱਕ ਸ਼ਹਿਰ ਵਿੱਚੋਂ ਲੰਘਿਆ ਤਾਂ ਇੱਕ ਜਾਦੂਗਰ ਇਸਤਰੀ ਨੇ ਉਹਨੂੰ ਘੋੜੇ ਤੋਂ ਥੱਲੇ ਸੁੱਟ ਲਿਆ । ਉਸ ਪਿੱਛੋਂ ਇੱਕ ਮੰਤਰ ਪੜ੍ਹਿਆ ਅਤੇ ਰਾਜੇ ਦੇ ਸਿਰ ਵਿੱਚ ਇੱਕ ਸੂਈ ਚਭੋ ਕੇ ਉਸ ਨੂੰ ਛਤਰਾ ਬਣਾ ਦਿੱਤਾ। ਰਾਜੇ ਦਾ ਤੋਤਾ ਪਰੇਸ਼ਾਨੀ ਵਿੱਚ ਰਾਜੇ ਦੇ ਭਾਈ ਪੂਰਨ ਭਗਤ ਕੋਲ ਗਿਆ ਅਤੇ ਸਾਰੀ ਗੱਲ ਦੱਸੀ । ਪੂਰਨ ਭਗਤ ਆਪਣੇ ਗੁਰੂ ਕੋਲੋਂ ਆਗਿਆ ਲੈ ਕੇ ਓਥੇ ਪੁੱਜਾ । ਉਹਨੇ ਸਾਰੀਆਂ ਜਾਦੂਗਰਨੀਆਂ ਇਕੱਠੀਆਂ ਕਰਕੇ ਪੁਛ ਗਿਛ ਕੀਤੀ । ਅਖੀਰ ਇੱਕ ਜਾਦੂਗਰਨੀ ਮੰਨ ਗਈ। ਉਹਨੇ ਛਤਰਾ ਲਿਆ ਕੇ ਪੇਸ਼ ਕੀਤਾ। ਪੂਰਨ ਭਗਤ ਦੇ ਹੁਕਮ ਨਾਲ ਛਤਰੇ ਦੇ ਸਿਰ ਵਿੱਚੋਂ ਸੂਈ ਕੱਢ ਕੇ ਉਹਨੂੰ ਫੇਰ ਮਨੁੱਖੀ ਰੂਪ ਵਿੱਚ ਲਿਆਂਦਾ, ਗਰਦ ਹੋਇਆ=ਮਿੱਟੀ ਹੋ ਗਇਆ, ਪਾਠ ਭੇਦ: ਕਾਰਨ ਤੁਸਾਂ ਦੇ ਹੀ ਹੈਂਸਿਆਰੀਉ=ਵਾਰਿਸ ਸ਼ਾਹ ਫ਼ਕੀਰ ਦੀਓ ਮਾਰੀਉ)
ਭਾਬੀ ਆਖਦੀ ਗੁੰਡਿਆ ਮੁੰਡਿਆ ਵੇ, ਸਾਡੇ ਨਾਲ ਕੀ ਰਿੱਕਤਾਂ ਚਾਈਆਂ ਨੀ ।
ਵਲੀ ਜੇਠ ਤੇ ਜਿਨ੍ਹਾਂ ਦੇ ਫ਼ਤੂ ਦੇਵਰ, ਡੁੱਬ ਮੋਈਆਂ ਉਹ ਭਰਜਾਈਆਂ ਨੀ ।
ਘਰੋ ਘਰੀ ਵਿਚਾਰਦੇ ਲੋਕ ਸਾਰੇ, ਸਾਨੂੰ ਕੇਹੀਆਂ ਫਾਹੀਆਂ ਪਾਈਆਂ ਨੀ ।
ਤੇਰੀ ਗੱਲ ਨਾ ਬਣੇਗੀ ਨਾਲ ਸਾਡੇ, ਜਾ ਪਰਨਾ ਲਿਆ ਸਿਆਲਾਂ ਦੀਆਂ ਜਾਈਆਂ ਨੀ।
(ਪਰਨਾ ਲਿਆ=ਵਿਆਹ ਲਿਆ)
ਮੂੰਹ ਬੁਰਾ ਦਿਸੰਦੜਾ ਭਾਬੀਏ ਨੀ, ਸੜੇ ਹੋਏ ਪਤੰਗ ਕਿਉਂ ਸਾੜਨੀ ਏਂ।
ਤੇਰੇ ਗੋਚਰਾ ਕੰਮ ਕੀ ਪਿਆ ਮੇਰਾ, ਸਾਨੂੰ ਬੋਲੀਆਂ ਨਾਲ ਕਿਉਂ ਮਾਰਨੀ ਏਂ।
ਕੋਠੇ ਚਾੜ੍ਹ ਕੇ ਪੌੜੀਆਂ ਲਾਹ ਲੈਂਦੀ, ਕੇਹੇ ਕਲਹ ਦੇ ਮਹਿਲ ਉਸਾਰਨੀ ਏਂ।
ਵਾਰਿਸ਼ ਸ਼ਾਹ ਦੇ ਨਾਲ ਸਰਦਾਰਨੀ ਤੂੰ, ਪਰ ਪੇਕਿਆਂ ਵੱਲੋਂ ਗਵਾਰਨੀ ਏਂ।
(ਕਲਹ=ਫਰੇਬ, ਪੇਕਿਆ ਵਲੋਂ ਗਵਾਰਨੀ = ਗੰਵਾਰਾਂ ਦੀ ਧੀ, ਪਾਠ ਭੇਦ: ਪਤੰਗ=ਫ਼ਕੀਰ, ਕੋਠੇ=ਉੱਤੇ, ਸਰਦਾਰਨੀ ਤੂੰ=ਕੀ ਪਿਆ ਤੈਨੂੰ)
ਸਿੱਧਾ ਹੋਇ ਕੇ ਰੋਟੀਆਂ ਖਾਹਿ ਜੱਟਾ, ਅੜੀਆਂ ਕਾਸ ਨੂੰ ਏਡੀਆਂ ਚਾਈਆਂ ਨੀ ।
ਤੇਰੀ ਪਨਘਟਾਂ ਦੇ ਉੱਤੇ ਪੇਉ ਪੇਈ, ਧੁੰਮਾਂ ਤ੍ਰਿੰਵਣਾਂ ਦੇ ਵਿੱਚ ਪਾਈਆਂ ਨੀ ।
ਘਰ-ਬਾਰ ਵਿਸਾਰ ਕੇ ਖ਼ਵਾਰ ਹੋਈਆਂ, ਝੋਕਾਂ ਪ੍ਰੇਮ ਦੀਆਂ ਜਿਨ੍ਹਾਂ ਨੇ ਲਾਈਆਂ ਨੀ ।
ਜ਼ੁਲਫਾਂ ਕਾਲੀਆਂ ਕੁੰਢੀਆਂ ਨਾਗ਼ ਕਾਲ਼ੇ, ਜੋਕਾਂ ਹਿਕ ਤੇ ਆਣ ਬਹਾਈਆਂ ਨੀ ।
ਵਾਰਿਸ ਸ਼ਾਹ ਏਹ ਜਿਨ੍ਹਾਂ ਦੇ ਚੰਨ ਦੇਵਰ, ਘੋਲ ਘੱਤੀਆਂ ਸਭ ਭਰਜਾਈਆਂ ਨੀ ।
(ਪੇਉ ਪੇਈ= ਰੌਲਾ, ਚਰਚਾ, ਘੋਲ ਘੱਤੀਆਂ=ਕੁਰਬਾਨ ਹੋਈਆਂ)
ਅਠਖੇਲਿਆ ਅਹਿਲ ਦੀਵਾਨਿਆਂ ਵੇ, ਥੁੱਕਾਂ ਮੋਢਿਆਂ ਦੇ ਉੱਤੋਂ ਸੱਟਨਾ ਏਂ।
ਚੀਰਾ ਬੰਨ੍ਹ ਕੇ ਭਿੰਨੜੇ ਵਾਲ ਚੋਪੜ, ਵਿੱਚ ਤ੍ਰਿੰਵਣਾਂ ਫੇਰੀਆਂ ਘੱਤਨਾ ਏਂ ।
ਰੋਟੀ ਖਾਂਦਿਆਂ ਲੂਣ ਜੇ ਪਵੇ ਥੋੜ੍ਹਾ, ਚਾ ਅੰਙਣੇ ਵਿੱਚ ਪਲੱਟਨਾ ਏਂ ।
ਕੰਮ ਕਰੇਂ ਨਾਹੀਂ ਹੱਛਾ ਖਾਏਂ ਪਹਿਨੇਂ, ਜੜ੍ਹ ਆਪਣੇ ਆਪ ਦੀ ਪੱਟਨਾ ਏਂ ।
(ਚੀਰਾ=ਪਗੜੀ, ਪਾਠ ਭੇਦ: ਭਿੰਨੜੇ=ਭੰਬਲੇ, ਭੰਬੜੇ, ਜੜ੍ਹ ਆਪਣੇ ਆਪ ਦੀ=ਵਾਰਿਸ ਸ਼ਾਹ ਕਿਉਂ ਆਪ ਨੂੰ)