ਭੁਲ ਗਏ ਹਾਂ ਵੜੇ ਹਾਂ ਆਣ ਵਿਹੜੇ ਸਾਨੂੰ ਬਖ਼ਸ਼ ਲੈ ਡਾਰੀਏ ਵਾਸਤਾ ਈ ।
ਹੱਥੋਂ ਤੇਰਿਉਂ ਦੇਸ ਮੈਂ ਛੱਡ ਜਾਸਾਂ, ਰਖ ਘਰ ਹੈਂਸਿਆਰੀਏ ਵਾਸਤਾ ਈ ।
ਦਿਹੇਂ ਰਾਤ ਤੈਂ ਜ਼ੁਲਮ ਤੇ ਲੱਕ ਬੱਧਾ, ਅਣੀ ਰੂਪ ਸ਼ਿੰਗਾਰੀਏ ਵਾਸਤਾ ਈ ।
ਨਾਲ ਹੁਸਨ ਦੇ ਫਿਰੇਂ ਗੁਮਾਨ ਲੱਦੀ, ਸਮਝ ਮਸਤ ਹੰਕਾਰੀਏ ਵਾਸਤਾ ਈ ।
ਜਦੇ ਜਿਸੇ ਦੇ ਨਾਲ ਨਾ ਗੱਲ ਕਰੇਂ, ਕਿਬਰ ਵਾਲੀਏ ਮਾਰੀਏ ਵਾਸਤਾ ਈ ।
ਵਾਰਿਸ ਸ਼ਾਹ ਨੂੰ ਮਾਰ ਨਾ ਭਾਗ ਭਰੀਏ, ਅਣੀ ਮੁਣਸ ਪਿਆਰੀਏ ਵਾਸਤਾ ਈ ।
(ਭਾਗ ਭਰੀਏ=ਸੁਭਾਗਣ, ਜੀਤ ਸਿੰਘ ਸੀਤਲ ਅਨੁਸਾਰ 'ਰਚਨਾ ਦੁਆਬ ਵਿੱਚ ਹਰ ਵਿਆਂਹਦੜ ਨੂੰ ਭਾਗ ਭਰੀ ਕਹਿ ਕੇ ਬੁਲਾਉਂਦੇ ਹਨ । ਪਰ ਕਈ ਲੋਕੀਂ ਦੰਦ ਕਥਾ ਕਰਦੇ ਹਨ ਕਿ ਭਾਗ ਭਰੀ ਵਾਰਿਸ ਸ਼ਾਹ ਦੀ ਮਹਿਬੂਬਾ ਸੀ ਅਤੇ ਉਹ ਹੀਰ ਲਿਖਵਾਉਣ ਦਾ ਇੱਕ ਕਾਰਨ ਸੀ, ਮੁਣਸ=ਮਾਲਕ, ਪਤੀ)
ਸਾਡਾ ਹੁਸਨ ਪਸੰਦ ਨਾ ਲਿਆਵਨਾ ਏਂ, ਜਾ ਹੀਰ ਸਿਆਲ ਵਿਆਹ ਲਿਆਵੀਂ ।
ਵਾਹ ਵੰਝਲੀ ਪ੍ਰੇਮ ਦੀ ਘਤ ਜਾਲੀ, ਕਾਈ ਨੱਢੀ ਸਿਆਲਾਂ ਦੀ ਫਾਹ ਲਿਆਵੀਂ ।
ਤੈਂਥੇ ਵੱਲ ਹੈ ਰੰਨਾਂ ਵਿਲਾਵਣੇਂ ਦਾ, ਰਾਣੀ ਕੋਕਲਾਂ ਮਹਿਲ ਤੋਂ ਲਾਹ ਲਿਆਵੀਂ।
ਦਿਨੇਂ ਬੂਹਿਉਂ ਕੱਢਣੀਂ ਮਿਲੇ ਨਾਹੀਂ, ਰਾਤੀਂ ਕੰਧ ਪਿਛਵਾੜਿਉਂ ਢਾਹ ਲਿਆਵੀਂ ।
ਵਾਰਿਸ ਸ਼ਾਹ ਨੂੰ ਨਾਲ ਲੈ ਜਾਇ ਕੇ ਤੇ, ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ ।
(ਵਲ=ਤਰੀਕਾ, ਢੰਗ, ਵਿਲਾਵਣਾ=ਖਿਸਕਾਉਣਾ, ਫਸਾਉਣਾ)
ਨੱਢੀ ਸਿਆਲਾਂ ਦੀ ਵਿਆਹ ਲਿਆਵਸਾਂ ਮੈਂ, ਕਰੋ ਬੋਲੀਆਂ ਕਿਉਂ ਠਠੇਲੀਆਂ ਨੀ ।
ਬਹੇ ਘੱਤ ਪੀੜ੍ਹਾ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜੇਹੀਆਂ ਅੱਗੇ ਗੋਲੀਆਂ ਨੀ ।
ਮੱਝੂ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜੇਹੀਆਂ ਬੜਬੋਲੀਆਂ ਨੀ ।
ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਤੁਸਾਂ ਝੋਲੀਆਂ ਨੀ ।
(ਠਠੋਲੀ=ਠੱਠਾ, ਮਖੌਲ, ਮਹਿਰੀਆਂ=ਸਵਾਣੀਆਂ,ਗੋਲੀ=ਨੌਕਰਾਣੀ,ਮੱਝੂ ਵਾਹ=ਮੰਝਧਾਰ,ਨਦੀ ਦੇ ਵਿਚਾਲੇ, ਬੋੜੀਏ=ਡੋਬੀਏ, ਪਾਠ ਭੇਦ: ਬਸ ਕਰੋ ਭਾਬੀ ਅਸੀਂ =ਵਾਰਿਸ ਬਸ ਕਰੀਂ)
ਕੇਹਾ ਭੇੜ ਮਚਾਇਉ ਈ ਕੱਚਿਆ ਵੇ, ਮੱਥਾ ਡਾਹਿਉ ਸੌਂਕਣਾਂ ਵਾਂਙ ਕੇਹਾ ।
ਜਾਹਿ ਸੱਜਰਾ ਕੰਮ ਗਵਾ ਨਾਹੀਂ, ਹੋਇ ਜਾਸੀਆ ਜੋਬਨਾ ਫੇਰ ਬੇਹਾ ।
ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ, ਕੇਹੀ ਚੰਬੜੀ ਆਣ ਤੂੰ ਵਾਂਙ ਲੇਹਾ ।
ਤੁਸੀਂ ਦੇਸ ਰੱਖੋ ਅਸੀਂ ਛੱਡ ਚੱਲੇ, ਲਾਹ ਝਗੜਾ ਭਾਬੀਏ ਗੱਲ ਏਹਾ ।
ਹਥ ਪਕੜ ਕੇ ਜੁੱਤੀਆਂ ਮਾਰ ਬੁੱਕਲ਼, ਰਾਂਝਾ ਹੋਇ ਟੁਰਿਆ ਵਾਰਿਸ ਸ਼ਾਹ ਜੇਹਾ ।
(ਮੱਥਾ ਡਾਹੁਣਾ= ਝਗੜਾ ਕਰਨਾ; ਪਾਠ ਭੇਦ: ਕੱਚਿਆ=ਲੁਚਿਆ, ਡਾਹਿਉ=ਲਾਇਓ)
ਖ਼ਬਰ ਭਾਈਆਂ ਨੂੰ ਲੋਕਾਂ ਜਾਇ ਦਿੱਤੀ, ਧੀਦੋ ਰੁੱਸ ਹਜ਼ਾਰਿਉਂ ਚਲਿਆ ਜੇ ।
ਹਲ ਵਾਹੁਣਾ ਓਸ ਤੋਂ ਹੋਏ ਨਾਹੀਂ, ਮਾਰ ਬੋਲੀਆਂ ਭਾਬੀਆਂ ਸੱਲਿਆ ਜੇ ।
ਪਕੜ ਰਾਹ ਟੁਰਿਆ, ਹੰਝੂ ਨੈਣ ਰੋਵਣ, ਜਿਵੇਂ ਨਦੀ ਦਾ ਨੀਰ ਉਛੱਲਿਆ ਜੇ ।
ਵਾਰਿਸ ਸ਼ਾਹ ਅੱਗੋਂ ਵੀਰ ਦੇ ਵਾਸਤੇ ਭਾਈਆਂ ਨੇ, ਅਧਵਾਟਿਉ ਰਾਹ ਜਾ ਮੱਲਿਆ ਜੇ ।
(ਸੱਲਿਆ=ਵਿਨ੍ਹਿਆ, ਮੰਝੋ ਨੈਣ ਰੋਵਨ=ਨਦੀ ਵਾਂਗੂੰ ਹੰਝੂ ਵਗਦੇ ਹਨ, ਪਾਠ ਭੇਦ:ਰੁੱਸ=ਉਠ, ਹੰਝੂ-ਮੰਝੋ)
ਰੂਹ ਛੱਡ ਕਲਬੂਤ ਜਿਉਂ ਵਿਦਾਅ ਹੁੰਦਾ, ਤਿਵੇਂ ਏਹ ਦਰਵੇਸ਼ ਸਿਧਾਰਿਆ ਈ ।
ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਸਦ ਝੰਗ ਸਿਆਲ ਚਿਤਾਰਿਆ ਈ ।
ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ, ਚਲੋ ਚਲੀ ਹੀ ਜੀਉ ਪੁਕਾਰਿਆ ਈ।
ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਸ਼ਾਹ ਨੇ ਵਤਨ ਵਿਸਾਰਿਆ ਈ ।
(ਕਲਬੂਤ=ਸਰੀਰ, ਕਸਦ-ਇਰਾਦਾ, ਚਿਤਾਰਿਆ= ਧਾਰਿਆ, ਰਵਾਂ ਹੋਇਆ=ਤੁਰ ਪਿਆ)
ਆਖ ਰਾਂਝਿਆ ਭਾ ਕੀ ਬਣੀ ਤੇਰੇ, ਦੇਸ ਆਪਣਾ ਛੱਡ ਸਿਧਾਰ ਨਾਹੀਂ।
ਵੀਰਾ ਅੰਬੜੀ ਜਾਇਆ ਜਾਹ ਨਾਹੀਂ, ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ।
ਏਹ ਬਾਂਦੀਆਂ ਤੇ ਅਸੀਂ ਵੀਰ ਤੇਰੇ, ਕੋਈ ਹੋਰ ਵਿਚਾਰ ਵਿਚਾਰ ਨਾਹੀਂ।
ਬਖ਼ਸ਼ ਇਹ ਗੁਨਾਹ ਤੂੰ ਭਾਬੀਆਂ ਨੂੰ, ਕੌਣ ਜੰਮਿਆ ਜੋ ਗੁਨਾਹਗਾਰ ਨਾਹੀਂ।
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆਂ ਨੇ, ਅਤੇ ਭਾਈਆਂ ਬਾਝ ਬਹਾਰ ਨਾਹੀਂ।
ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ, ਬਿਨਾਂ ਭਾਈਆਂ ਪਰ੍ਹੇ ਪਰਵਾਰ ਨਾਹੀਂ ।
ਲੱਖ ਓਟ ਹੈ ਕੋਲ ਵਸਦਿਆਂ ਦੀ, ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ।
ਭਾਈ ਢਾਂਵਦੇ ਭਾਈ ਉਸਾਰਦੇ ਨੇ, ਭਾਈਆਂ ਬਾਝ ਬਾਹਾਂ ਬੇਲੀ ਯਾਰ ਨਾਹੀਂ।
(ਫ਼ਿਰਾਕ=ਵਿਛੋੜਾ,ਜੁਦਾਈ, ਬਾਦੀ=ਗੋਲੀ, ਪਰ੍ਹਾ=ਸੱਥ,ਪੰਚਾਇਤ, ਓਟ=ਆਸਰਾ,ਪਨਾਹ; ਪਾਠ ਭੇਦ: ਕੋਲ ਵਸੇਂਦਿਆਂ-ਭਾਈਆਂ ਵਸਦਿਆਂ, ਗਿਆਂ ਜੇਡੀ ਕੋਈ= ਜੀਵਦਿਆਂ ਦੇ ਕਾਈ, ਭਾਈਆਂ ਬਾਝ ਬਾਹਾਂ=ਵਾਰਿਸ ਭਾਈਆਂ ਬਾਝੋਂ)
ਰਾਂਝੇ ਆਖਿਆ ਉਠਿਆ ਰਿਜ਼ਕ ਮੇਰਾ, ਮੈਥੋਂ ਭਾਈਓ ਤੁਸੀਂ ਕੀ ਮੰਗਦੇ ਹੋ ।
ਸਾਂਭ ਲਿਆ ਜੇ ਬਾਪ ਦਾ ਮਿਲਖ ਸਾਰਾ, ਤੁਸੀਂ ਸਾਕ ਨਾ ਸੈਨ ਨਾ ਅੰਗ ਦੇ ਹੋ।
ਵਸ ਲੱਗੇ ਤਾਂ ਮਨਸੂਰ ਵਾਂਙੂ, ਮੈਨੂੰ ਚਾਇ ਸੂਲੀ ਉਤੇ ਟੰਗਦੇ ਹੋ।
ਵਿੱਚੋਂ ਖੁਸ਼ੀ ਹੋ ਅਸਾਂ ਦੇ ਨਿਕਲਣੇ 'ਤੇ, ਮੂੰਹੋਂ ਆਖਦੇ ਗੱਲ ਕਿਉਂ ਸੰਗਦੇ ਹੋ।
(ਰਿਜ਼ਕ=ਅੰਨ ਪਾਣੀ, ਮਨਸੂਰ (ਹੱਲਾਜ) = ਇੱਕ ਰਬ ਦਾ ਪਿਆਰਾ ਫ਼ਕੀਰ, ਇਬਨ-ਇ-ਖੁਲਕਾਨ ਨੇ ਆਪਣੀ ਤਾਰੀਖ ਵਿੱਚ ਇਸ ਦਾ ਨਾਂ ਹੁਸੈਨ ਪੁੱਤਰ ਮਨਸੂਰ ਲਿਖਿਆ ਹੈ ।ਇਹ ਰੂੰ ਪਿੰਜਣ ਵਾਲਾ ਪੇਂਜਾ ਸੀ ਇਸ ਲਈ ਇਹਨੂੰ 'ਹੱਲਾਜ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।ਈਰਾਨ ਦੇ ਸ਼ਹਿਰ ਬੈਜ਼ਾ ਵਿੱਚ ਪੈਦਾ ਹੋਇਆ ਕਾਫੀ ਪੜ੍ਹਿਆ ਲਿਖਿਆ ਸੂਝਵਾਨ ਸੀ । ਤੁਰਦਾ ਫਿਰਦਾ 'ਅਨਲਹੱਕ' ਭਾਵ 'ਮੈਂ ਰਬ ਹਾਂ' ਦੇ ਨਾਹਰੇ ਲਾਉਂਦਾ ਸੀ । ਮੁਲਾਇਣਆਂ ਨੇ ਖਲੀਫਾ ਮਕਤਦਿਰ ਤੇ ਜ਼ੋਰ ਪਾ ਕੇ 30 ਮਾਰਚ 922 ਨੂੰ ਇਹਨੂੰ ਸੂਲੀ ਤੇ ਚੜ੍ਹਾ ਦਿੱਤਾ । ਉਹ ਮਨਸੂਰ ਨੂੰ ਕਾਫਰ ਕਹਿੰਦੇ ਸਨ । ਦੋ ਪ੍ਰਸਿੱਧ ਸ਼ਾਇਰ ਮੌਲਾਮਾ ਰੂਮੀ ਅਤੇ ਜਨਾਬ ਅੱਤਾਰ ਮਨਸੂਰ ਨੂੰ ਵਲੀ ਅੱਲਾ ਖਿਆਲ ਕਰਦੇ ਹਨ ।ਮਨਸੂਰ ਨੇ ਚਾਰ ਦਰਜਣ ਕਿਤਾਬਾਂ ਲਿਖੀਆਂ ਸਨ । ਮਸ਼ਹੂਰ ਸੂਫੀ ਸਾਈਂ ਬੁੱਲ੍ਹੇ ਸ਼ਾਹ ਆਪਣੀਆਂ ਕਾਫੀਆਂ ਵਿੱਚ ਮਨਸੂਰ ਨੂੰ ਬੜੇ ਆਦਰ ਨਾਲ ਯਾਦ ਕਰਦਾ ਹੈ)