ਭਰਜਾਈਆਂ ਆਖਿਆ ਰਾਂਝਿਆ ਵੇ, ਅਸੀਂ ਬਾਂਦੀਆਂ ਤੇਰੀਆਂ ਹੁੰਨੀਆਂ ਹਾਂ।
ਨਾਉਂ ਲਿਆ ਹੈ ਜਦੋਂ ਤੂੰ ਜਾਵਣੇ ਦਾ, ਅਸੀਂ ਹੰਝੂਆਂ ਰੱਤ ਦੀਆਂ ਰੁੰਨੀਆਂ ਹਾਂ।
ਜਾਨ ਮਾਲ ਕੁਰਬਾਨ ਹੈ ਤੁਧ ਉਤੋਂ, ਅਤੇ ਆਪ ਵੀ ਚੋਖਣੇ ਹੁੰਨੀਆਂ ਹਾਂ ।
ਸਾਨੂੰ ਸਬਰ ਕਰਾਰ ਨਾ ਆਂਵਦਾ ਹੈ, ਵਾਰਿਸ ਸ਼ਾਹ ਥੋਂ ਜਦੋਂ ਵਿਛੁੰਨੀਆਂ ਹਾਂ ।
(ਮੁੰਨੀਆਂ=ਚੇਲੀਆਂ ਬਣੀਆਂ, ਹੰਡਰਾ= ਹੰਝੂ; ਪਾਠ ਭੇਦ: ਹੁੰਨੀਆਂ=ਮੁਨੀਆਂ, ਹੰਝੂਆਂ=ਹੰਝਰੋਂ, ਵਾਰਿਸ ਸ਼ਾਹ ਥੋਂ ਜਦੋਂ=ਜਿਸ ਵੇਲੜੇ ਤੈਥੋਂ)
ਭਾਬੀ ਰਿਜ਼ਕ ਉਦਾਸ ਜਾਂ ਹੋ ਟੁਰਿਆ ਹੁਣ ਕਾਸ ਨੂੰ ਘੇਰ ਕੇ ਠਗਦੀਆਂ ਹੋ।
ਪਹਿਲਾਂ ਸਾੜ ਕੇ ਜੀਊ ਨਿਮਾਨੜੇ ਦਾ, ਪਿੱਛੋਂ ਮਲ੍ਹਮਾਂ ਲਾਵਣੇ ਲਗਦੀਆਂ ਹੋ।
ਭਾਈ ਸਾਕ ਸਨ ਸੋ ਤੁਸਾਂ ਵੱਖ ਕੀਤੇ, ਤੁਸੀਂ ਸਾਕ ਕੀ ਸਾਡੀਆਂ ਲਗਦੀਆਂ ਹੋ।
ਅਸੀਂ ਕੋਝੜੇ ਰੂਪ ਕਰੂਪ ਵਾਲੇ, ਤੁਸੀਂ ਜੋਬਨੇ ਦੀਆ ਨਈਂ ਵਗਦੀਆਂ ਹੋ।
ਅਸਾਂ ਆਬ ਤੇ ਤੁਆਮ ਹਰਾਮ ਕੀਤਾ, ਤੁਸੀਂ ਠਗਣੀਆਂ ਸਾਰੜੇ ਜੱਗਦੀਆਂ ਹੋ।
ਵਾਰਿਸ਼ ਸ਼ਾਹ ਇਕੱਲੜੇ ਕੀ ਕਰਨਾ, ਤੁਸੀਂ ਸਤ ਇਕੱਠੀਆਂ ਵਗਦੀਆਂ ਹੋ।
(ਤੁਆਮ=ਖਾਣਾ; ਪਾਠ ਭੇਦ: ਘੇਰ ਕੇ ਠਗਦੀਆਂ=ਖਲੀਆਂ ਹਟਕਦੀਆਂ, ਇਕੱਲੜੇ ਕੀ ਕਰਨਾ = ਇਕੱਲੜਾ ਕੀ ਕਰਸੀ)
ਵਾਹ ਲਾਇ ਰਹੇ ਭਾਈ ਭਾਬੀਆਂ ਭੀ, ਰਾਂਝਾ ਰੁਠ ਹਜ਼ਾਰਿਉਂ ਧਾਇਆ ਏ ।
ਭੁਖ ਨੰਗ ਨੂੰ ਝਾਗ ਕੇ ਪੰਧ ਕਰਕੇ, ਰਾਤੀਂ ਵਿੱਚ ਮਸੀਤ ਦੇ ਆਇਆ ਏ ।
ਹਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਭੀ ਖੂਬ ਬਣਾਇਆ ਏ ।
ਰੰਨ ਮਰਦ ਨਾ ਪਿੰਡ ਵਿੱਚ ਰਹਿਆ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ ।
ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾਂ ਮਸੀਤ ਦਾ ਆਇਆ ਏ ।
ਮਸਜਿਦ ਬੈਤੁਲ-ਅਤੀਕ ਮਿਸਾਲ ਆਹੀ, ਖਾਨਾ ਕਾਅਬਿਉ ਡੌਲ ਉਤਾਰਿਆ ਨੇ ।
ਗੋਇਆ ਅਕਸਾ ਦੇ ਨਾਲ ਦੀ ਭੈਣ ਦੂਈ, ਸ਼ਾਇਦ ਸੰਦਲੀ ਨੂਰ ਉਸਾਰਿਆ ਨੇ ।
ਪੜ੍ਹਨ ਫਾਜ਼ਿਲ ਦਰਸ ਦਰਵੇਸ਼ ਮੁਫਤੀ, ਖੂਬ ਕੱਢੀ ਇਲਹਾਨਿ-ਪੁਰਕਾਰਿਆ ਨੇ ।
ਤਾਅਲੀਲ ਮੀਜ਼ਾਨ ਤੇ ਸਰਫ ਵਾਹੀ, ਸਰਫ਼ ਮੀਰ ਭੀ ਯਾਦ ਪੁਕਾਰਿਆ ਨੇ ।
ਕਾਜ਼ੀ ਕੁਤਬ ਤੇ ਕਨਜ਼ ਅਨਵਾਹ ਚੌਦਾਂ, ਮਸਊਦੀਆਂ ਜਿਲਦ ਸਵਾਰਿਆ ਨੇ ।
ਖ਼ਾਨੀ ਨਾਲ ਮਜਮੂਆ ਸੁਲਤਾਨੀਆਂ ਦੇ, ਅਤੇ ਹੈਰਤੁਲ-ਫਿਕਾ ਨਵਾਰਿਆ ਨੇ ।
ਫ਼ਤਵ ਬਰਹਿਨਾ ਮਨਜ਼ੂਮ ਸ਼ਾਹਾਂ, ਨਾਲ ਜ਼ਬਦੀਆਂ ਹਿਫ਼ਜ਼ ਕਰਾਰਿਆ ਨੇ ।
ਮਾਰਜ਼ੂਲ ਨਬੁਵਤਾਂ ਅਤੇ ਫ਼ਲਾਸਿਆਂ ਤੋਂ, ਰੌਜ਼ੇ ਨਾਲ ਇਖ਼ਲਾਸ ਪਸਾਰਿਆ ਨੇ ।
ਜ਼ੋਰਾਦੀਆਂ ਦੇ ਨਾਲ ਸ਼ਰ੍ਹਾ ਮੁੱਲਾਂ, ਜਿਨਜਾਨੀਆਂ ਨਹਿਵ ਨਤਾਰਿਆ ਨੇ ।
ਕਰਨ ਹਿਫਜ਼ ਕੁਰਾਨ ਤਫ਼ਸੀਰ ਦੌਰਾਂ, ਗ਼ੈਰ ਸ਼ਰ੍ਹਾ ਨੂੰ ਦੁੱਰਿਆਂ ਮਾਰਿਆ ਨੇ ।
(ਬੈਤੁਲ-ਅਤੀਕ=ਕਾਅਬਾ, ਡੋਲ=ਸ਼ਕਲ, ਨਕਸ਼ਾ, ਮਿਸਾਲ=ਉਹਦੇ ਵਰਗਾ, ਖ਼ਾਨਾ ਕਾਅਬਾ=ਮੱਕਾ ਸ਼ਰੀਫ਼, ਅਕਸਾ=ਯਹੂਦੀਆਂ ਦੀ ਪਵਿੱਤਰ ਮਸਜਿਦ ਜਿਹਨੂੰ 'ਬੈਤੁਲ ਮੁਕੱਦਸ ਵੀ ਕਹਿੰਦੇ ਹਨ, ਦਰਸ= ਸਬਕ,ਪਾਠ, ਮੁਫਤੀ ਫਤਵਾ ਦੇਣ ਵਾਲਾ,ਕਾਜ਼ੀ, ਇਲਹਾਨ=ਸੁਰੀਲੀ ਆਵਾਜ਼, ਕਾਰੀ=ਕੁਰਾਨ ਦੀ ਤਲਾਵਤ ਕਰਨ ਵਾਲੇ, ਤਾਅਲੀਲ,ਮੀਜ਼ਾਨ=ਕਿਤਾਬਾਂ ਦੇ ਨਾਂਉ ਹਨ)
ਇੱਕ ਨਜ਼ਮ ਦੇ ਦਰਸ ਹਰਕਰਨ ਪੜ੍ਹਦੇ, ਨਾਮ ਹੱਕ ਅਤੇ ਖ਼ਾਲਿਕ ਬਾਰੀਆਂ ਨੇ।
ਗੁਲਿਸਤਾਂ ਬੋਸਤਾਂ ਨਾਲ ਬਹਾਰ-ਦਾਨਿਸ਼, ਤੂਤੀਨਾਮਿਉਂ ਵਾਹਿਦ-ਬਾਰੀਆਂ ਨੇ ।
ਮੁਨਸ਼ਾਤ ਨਸਾਬ ਤੇ ਅੱਬੁਲਫ਼ਜ਼ਲਾਂ, ਸ਼ਾਹਨਾਮਿਉਂ ਰਾਜ਼ਕ-ਬਾਰੀਆਂ ਨੇ ।
ਕਿਰਾਨੁਲ ਸਾਦੈਨ ਦੀਵਾਨ ਹਾਫਿਜ਼, ਸ਼ੀਰੀ ਖੁਸਰਵਾਂ ਲਿਖ ਸਵਾਰੀਆਂ ਨੇ ।
(ਹਰਕਰਨ, ਖਾਲਕਬਾਰੀ=ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਦੇ ਨਾਂ, ਪਾਠ ਭੇਦ: ਸੀਰੀ ਖੁਸਰਵਾਂ=ਵਾਰ ਸਾਹ ਨੇ)
ਕਲਮਦਾਨ ਦਫ਼ਤੈਨ ਦਵਾਤ ਪੱਟੀ, ਨਾਵੇਂ ਏਮਲੀ ਵੇਖਦੇ ਲੜਕਿਆਂ ਦੇ।
ਲਿਖਣ ਨਾਲ ਮਸੌਦੇ ਸਿਆਕ ਖ਼ਸਰੇ, ਸਿਆਂ ਅਵਾਰਜ਼ੇ ਲਿਖਦੇ ਵਰਕਿਆਂ ਦੇ ।
ਇੱਕ ਭੁਲ ਕੇ ਐਨ ਦਾ ਗ਼ੈਨ ਵਾਚਣ, ਮੁੱਲਾਂ ਜਿੰਦ ਕੱਢੇ ਨਾਲ ਕੜਕਿਆਂ ਦੇ।
ਇੱਕ ਆਂਵਦੇ ਸ਼ੌਕ ਜੁਜ਼ਦਾਨ ਲੈ ਕੇ, ਵਿੱਚ ਮਕਤਬਾਂ ਦੇ ਨਾਲ ਤੜਕਿਆਂ ਦੇ ।
(ਦਫਤੈਨ=ਫਾਈਲ, ਨਾਂਵੇਂ=ਨਾਵਾਂ ਦਾ ਲਿਖਣਾ, ਏਮਲੀ=ਇਮਲਾ, ਖੁਸ਼ਖ਼ਤ ਲਿਖਾਈ, ਮਸੌਦੇ=ਕੱਚੀ ਲਿਖਾਈ, ਹੱਥੀਂ ਲਿਖੀ ਕਿਤਾਬ ਜਿਹੜੀ ਛਾਪਣ ਲਈ ਤਿਆਰ ਕੀਤੀ ਗਈ ਹੋਵੇ, ਸਿਆਕ= ਹਿਸਾਬ ਦੇ ਕਾਇਦੇ, ਖਸਰਾ=ਪਿੰਡ ਦੇ ਖੇਤਾਂ ਦੀ ਸੂਚੀ, ਅਵਾਰਜ਼ੇ =ਬਹੁ-ਵਚਨ 'ਅਵਾਰਜ਼ਾ' ਦਾ, ਵਹੀ ਖਾਤਾ, ਹਿਸਾਬ ਕਿਤਾਬ, ਜੁਜ਼ਦਾਨ=ਬਸਤਾ; ਪਾਠ ਭੇਦ:ਵਿੱਚ ਮਕਤਬਾਂ ਦੇ ਨਾਲ=ਵਾਰਿਸ ਸ਼ਾਹ ਹੋਰੀਂ)
ਮੁੱਲਾਂ ਆਖਿਆ ਚੂਨੀਆਂ ਚੂੰਡਿਆਂ ਦੇਖਦਿਆਂ ਈ ਗ਼ੈਰ ਸ਼ਰ੍ਹਾ ਤੂੰ ਕੌਣ ਹੈਂ ਦੂਰ ਹੋ ਓਏ ।
ਏਥੇ ਲੁਚਿਆਂ ਦੀ ਕਾਈ ਜਾ ਨਾਹੀਂ, ਪਟੇ ਦੂਰ ਕਰ ਹੱਕ ਮਨਜੂਰ ਹੋ ਓਏ ।
ਅਨਲਹੱਕ ਕਹਾਵਣਾ ਕਿਬਰ ਕਰਕੇ, ਓੜਕ ਮਰੇਂਗਾ ਵਾਂਙ ਮਨਸੂਰ ਹੋ ਓਏ।
ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ, ਭਾਵੇਂ ਰਸਮਸੀ ਵਿੱਚ ਕਾਫ਼ੂਰ ਹੋ ਓਏ।
(ਚੂੰਡਿਆਂ, ਚੂਨੀਆਂ=ਕੁਆਰੇ ਮੁੰਡੇ ਦੇ ਮੱਥੇ ਦੇ ਵਾਲ, ਕਿਬਰ=ਹੰਕਾਰ, ਰਸਮਸੀ = ਮਿਲੀ ਹੋਈ, ਰਲੀ ਹੋਈ; ਪਾਠ ਭੇਦ: ਚੂੰਡਿਆਂ = ਚੂਨੀਆਂ, ਓਏ=ਵੇ)