ਦਾੜ੍ਹੀ ਸ਼ੇਖ਼ ਦੀ ਅਮਲ ਸ਼ੈਤਾਨ ਵਾਲੇ, ਕੇਹਾ ਰਾਣਿਉ ਜਾਂਦਿਆਂ ਰਾਹੀਆਂ ਨੂੰ ।
ਅੱਗੇ ਕਢੱ ਕੁਰਾਨ ਤੇ ਬਹੇ ਮਿੰਬਰ, ਕੇਹਾ ਅਡਿਓ ਮਕਰ ਦੀਆਂ ਫਾਹੀਆਂ ਨੂੰ ।
ਏਹ ਪਲੀਤ ਤੇ ਪਾਕ ਦਾ ਕਰੋ ਵਾਕਿਫ਼, ਅਸੀਂ ਜਾਣੀਏਂ ਸ਼ਰ੍ਹਾ ਗਵਾਹੀਆਂ ਨੂੰ ।
ਜਿਹੜੇ ਥਾਂਓ ਨਾਪਾਕ ਦੇ ਵਿੱਚ ਵੜਿਓ, ਸ਼ੁਕਰ ਰਬ ਦੀਆਂ ਬੇਪਰਵਾਹੀਆਂ ਨੂੰ ।
ਵਾਰਿਸ ਸ਼ਾਹ ਵਿੱਚ ਹੁਜਰਿਆਂ ਫ਼ਿਅਲ ਕਰਦੇ, ਮੁੱਲਾ ਜੋਤਰੇ ਲਾਂਵਦੇ ਵਾਹੀਆ ਨੂੰ ।
(ਰਾਣਿਉ =ਪੈਰਾਂ ਥੱਲੇ ਮਿਧਣਾ, ਮਿੰਬਰ=ਮਸੀਤ ਵਿੱਚ ਉੱਚੀ ਥਾਂ ਜਿੱਥੇ ਚੜ੍ਹ ਕੇ ਇਮਾਮ ਅਵਾਜ਼ ਕਰਦਾ ਹੈ, ਪਾਕ=ਸਾਫ਼, ਨਾਪਾਕ =ਜਿਹੜਾ ਪਾਕ ਨਹੀਂ, ਗੰਦਾ, ਹੁਜਰਾ=ਮਸੀਤ ਦਾ ਅੰਦਰਲਾ ਕਮਰਾ, ਫ਼ਿਅਲ=ਕਾਰੇ)
ਘਰ ਰਬ ਦੇ ਮਸਜਿਦਾਂ ਹੁੰਦੀਆਂ ਨੇ, ਏਥੇ ਗ਼ੈਰ ਸ਼ਰ੍ਹਾ ਨਾਹੀਂ ਵਾੜੀਏ ਓਏ।
ਕੁੱਤਾ ਅਤੇ ਫ਼ਕੀਰ ਪਲੀਤ ਹੋਵੇ, ਨਾਲ ਦੁੱਰਿਆਂ ਬੰਨ੍ਹ ਕੇ ਮਾਰੀਏ ਓਏ ।
ਤਾਰਕ ਹੋ ਸਲਾਤ ਦਾ ਪਟੇ ਰੱਖੇ, ਲੱਬਾਂ ਵਾਲਿਆਂ ਮਾਰ ਪਛਾੜਈਏ ਓਏ ।
ਨੀਵਾਂ ਕਪੜਾ ਹੋਵੇ ਤਾਂ ਪਾੜ ਸੁੱਟੀਏ, ਲੱਬਾਂ ਹੋਣ ਦਰਾਜ਼ ਤਾਂ ਸਾੜੀਏ ਓਏ।
ਜਿਹੜਾ ਫ਼ਿਕਾ ਅਸੂਲ ਦਾ ਨਹੀਂ ਵਾਕਿਫ਼, ਉਹਨੂੰ ਤੁਰਤ ਸੂਲੀ ਉੱਤੇ ਚਾੜ੍ਹੀਏ ਓਏ ।
ਵਾਰਿਸ ਸ਼ਾਹ ਖ਼ੁਦਾ ਦਿਆਂ ਦੁਸ਼ਮਣਾਂ ਨੂੰ, ਦੂਰੋਂ ਕੁੱਤਿਆਂ ਵਾਂਗ ਦੁਰਕਾਰੀਏ ਓਏ ।
(ਦੁੱਰੇ=ਕੋਰੜੇ, ਕੋੜੇ, ਤਾਰਕ=ਤਿਆਗੀ, ਸਲਾਤ=ਨਮਾਜ਼, ਲਬਾਂ=ਸ਼ਰ੍ਹਾ ਦੇ ਉਲਟ ਉੱਪਰਲੇ ਬੁਲ੍ਹ ਦੇ ਵਾਲ, ਦਰਾਜ ਲੰਬੇ, ਫ਼ਿਕਾ =ਇਸਲਾਮੀ ਕਾਨੂੰਨ)
ਸਾਨੂੰ ਦੱਸ ਨਮਾਜ਼ ਹੈ ਕਾਸਦੀ ਜੀ, ਕਾਸ ਨਾਲ ਬਣਾਇ ਕੇ ਸਾਰੀਆ ਨੇ ।
ਕੰਨ ਨਕ ਨਮਾਜ਼ ਦੇ ਹੈਣ ਕਿਤਨੇ, ਮੱਥੇ ਕਿਨ੍ਹਾਂ ਦੇ ਧੁਰੋਂ ਇਹ ਮਾਰੀਆ ਨੇ ।
ਲੰਬੇ ਕੱਦ ਚੌੜੀ ਕਿਸ ਹਾਣ ਦੀ ਹੈ, ਕਿਸ ਚੀਜ਼ ਦੇ ਨਾਲ ਸਵਾਰੀਆ ਨੇ ।
ਵਾਰਿਸ ਕਿੱਲੀਆਂ ਕਿਤਨੀਆਂ ਉਸ ਦੀਆਂ ਨੇ, ਜਿਸ ਨਾਲ ਇਹ ਬੰਨ੍ਹ ਉਤਾਰੀਆ ਨੇ ।
(ਕਾਸ=ਕਿਸ, ਹਾਣ=ਥਾਂ ਕਿਸ ਥਾਂ ਪੜ੍ਹੀ ਜਾਂਦੀ ਹੈ, ਕਿੱਲੀਆਂ=ਮਲਾਹ ਦੀਆਂ ਉਹ ਕੀਲੀਆਂ ਜਾਂ ਕਿੱਲੇ ਜਿਨ੍ਹਾਂ ਨਾਲ ਉਹ ਕਿਸ਼ਤੀ ਬੰਨ੍ਹਦੇ ਹਨ, ਨੱਕ ਕੰਨ=ਨਮਾਜ਼ ਦੇ ਨਕ ਕੰਨ, ਇਮਾਮ ਗ਼ਜ਼ਾਲੀ ਦੀ ਪੁਸਤਕ 'ਅਜ਼ਕਾਰ ਵ ਤਸਬੀਹਾਤਾ ਦੇ ਪਹਿਲੇ ਨਮਾਜ਼ ਦੇ ਨੱਕ ਅਤੇ ਕੰਨਾਂ ਦਾ ਵਰਨਣ ਮਿਲਦਾ ਹੈ)
ਅਸਾਂ ਫਿਕਾ ਅਸੂਲ ਨੂੰ ਸਹੀ ਕੀਤਾ, ਗ਼ੈਰ ਸ਼ਰ੍ਹਾ ਮਰਦੂਦ ਨੂੰ ਮਾਰਨੇ ਆਂ।
ਅਸਾਂ ਦੱਸਣੇ ਕੰਮ ਇਬਾਦਤਾਂ ਦੇ ਪੁਲ ਸਰਾਤ ਤੋਂ ਪਾਰ ਉਤਾਰਨੇ ਆਂ।
ਫਰਜ਼ ਸੁੰਨਤਾਂ ਵਾਜਬਾਂ ਨਫਲ ਵਿਤਰਾਂ, ਨਾਲ ਜਾਇਜ਼ਾ ਸਚ ਨਿਤਾਰਨੇ ਆਂ।
ਵਾਰਿਸ ਸ਼ਾਹ ਜਮਾਇਤ ਦੇ ਤਾਰਕਾਂ ਨੂੰ, ਤਾਜ਼ਿਆਨਿਆਂ ਦੁੱਰਿਆਂ ਮਾਰਨੇ ਆਂ।
(ਮਰਦੂਦ=ਰੱਦ ਕੀਤਾ ਗਿਆ, ਪੁਲ ਸਰਾਤ=ਇਸਲਾਮ ਅਨੁਸਾਰ ਦੋਜ਼ਖ਼ ਅਤੇ ਬਹਿਸ਼ਤ ਦੇ ਵਿਚਕਾਰ ਇੱਕ ਤੰਗ ਅਤੇ ਤਲਵਾਰ ਨਾਲੋਂ ਵੀ ਤਿੱਖਾ ਪੁਲ਼, ਫਰਜ਼=ਸ਼ਰ੍ਹਾ ਦੇ ਅਨੁਸਾਰ ਉਹ ਸਾਰੇ ਅੰਗ ਜਿਹੜੇ ਕੱਪੜੇ ਨਾਲ ਢਕਣੇ ਜ਼ਰੂਰੀ ਹਨ, ਆਦਮੀ ਲਈ ਧੁੰਨੀ ਤੋਂ ਗੋਡੇ ਤੱਕ ਸਰੀਰ ਦਾ ਹਿੱਸਾ ਢਕਣਾ ਜ਼ਰੂਰੀ ਹੈ, ਇਬਾਦਤਾਂ=ਭਜਨ, ਬੰਦਗੀ, ਸੁੰਨਤਾਂ=ਰਾਹ, ਦਸਤੂਰ,ਖਤਨਾ, ਵਾਜਬਾਂ = ਜਾਇਜ਼, ਨਫਲ=ਉਹ ਇਬਾਦਤ ਜਿਹੜੀ ਫਰਜ਼ ਨਾ ਹੋਵੇ, ਵਿੱਤਰ=ਤਿੰਨ ਰਿੱਕਤਾਂ ਜਿਹੜੀਆਂ ਇਸ਼ਾ ਦੀ ਨਮਾਜ਼ ਵਿੱਚ ਪੜ੍ਹੀਆਂ ਜਾਂਦੀਆਂ ਹਨ, ਰਿੱਕਤ=ਨਮਾਜ਼ ਦਾ ਇੱਕ ਹਿੱਸਾ ਖੜ੍ਹੇ ਹੋਣ ਤੋਂ ਬੈਠਣ ਤੱਕ, ਤਾਜ਼ਿਆਨਾ, ਦੁੱਰਾ=ਕੋਰੜਾ)
ਬਾਸ ਹਲਵਿਆਂ ਦੀ ਖ਼ਬਰ ਮੁਰਦਿਆਂ ਦੀ ਨਾਲ ਦੁਆਈ ਦੇ ਜੀਂਵਦੇ ਮਾਰਦੇ ਹੋ।
ਅੰਨ੍ਹੇ ਕੋੜ੍ਹਿਆਂ ਲੂਲਿਆਂ ਵਾਂਗ ਬੈਠੇ, ਕੁਰ੍ਹਾ ਮਰਨ ਜਮਾਣ ਦਾ ਮਾਰਦੇ ਹੋ ।
ਸ਼ਰ੍ਹਾ ਚਾਇ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਗਾਰ ਦੇ ਹੋ।
ਵਾਰਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚੱਲੋ ਚਲੀ ਹੀ ਪਏ ਪੁਕਾਰਦੇ ਹੋ।
(ਬਾਸ=ਮਹਿਕ, ਕੁਰ੍ਹਾ ਮਾਰਨਾ = ਪਾਸਾ ਸੁੱਟਣਾ, ਫਾਲ ਕੱਢਣਾਂ, ਸਰਪੋਸ਼=ਪਰਦਾ, ਢੱਕਣ, ਰਵਾਦਾਰ=ਕਿਸੇ ਕੰਮ ਨੂੰ ਜਾਇਜ਼ ਦੱਸਣ ਵਾਲਾ)
ਮੁੱਲਾਂ ਆਖਿਆ ਨਾਮਾਕੂਲ ਜੱਟਾ, ਫ਼ਜ਼ਰ ਕੱਟ ਕੇ ਰਾਤ ਗੁਜ਼ਾਰ ਜਾਈਂ ।
ਫ਼ਜ਼ਰ ਹੁੰਦੀ ਥੋਂ ਅੱਗੇ ਹੀ ਉਠ ਏਥੋਂ, ਸਿਰ ਕੱਜ ਕੇ ਮਸਜਦੋਂ ਨਿਕਲ ਜਾਈਂ ।
ਘਰ ਰੱਬ ਦੇ ਨਾਲ ਨਾ ਬੰਨ੍ਹ ਝੇੜਾ, ਅਜਗੈਬ ਦੀਆਂ ਹੁਜਤਾਂ ਨਾ ਉਠਾਈਂ ।
ਵਾਰਿਸ ਸ਼ਾਹ ਖ਼ੁਦਾ ਦੇ ਖ਼ਾਨਿਆਂ ਨੂੰ, ਇਹ ਮੁੱਲਾ ਭੀ ਚੰਬੜੇ ਹੈਣ ਬਲਾਈਂ।
(ਨਾਮਾਕੂਲ=ਬੇਸਮਝ, ਮੂਰਖ, ਫ਼ਜ਼ਰ=ਸਵੇਰ, ਖਾਨਾ=ਘਰ, ਮਸੀਤ, ਅਜ਼ਗ਼ੈਬਦੀਆਂ ਹੁੱਜਤਾਂ=ਉਹ ਗੱਲਾਂ ਜਿਹੜੀਆਂ ਕਿਸੇ ਨੇ ਨਾ ਕੀਤੀਆਂ ਹੋਣ)
ਚਿੜੀ ਚੂਹਕਦੀ ਨਾਲ ਜਾਂ ਟੁਰੇ ਪਾਂਧੀ, ਪਈਆਂ ਦੁਧ ਦੇ ਵਿੱਚ ਮਧਾਣੀਆਂ ਨੀ ।
ਉਠ ਗੁਸਲ ਦੇ ਵਾਸਤੇ ਜਾ ਪਹੁਤੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ ।
ਵਾਰਿਸ ਸ਼ਾਹ ਮੀਆਂ ਲੁੱਡਣ ਵਡਾ ਕੁੱਪਨ, ਕੁੱਪਾ ਸ਼ਹਿਦ ਦਾ ਲੱਦਿਆ ਬਾਣੀਆਂ ਨੇ ।
(ਗ਼ੁਸਲ=ਇਸ਼ਨਾਨ, ਮੁਹਾਣੇ=ਮਾਂਝੀ, ਮਲਾਹ)
ਰਾਂਝੇ ਆਖਿਆ ਪਰ ਲੰਘਾ ਮੀਆਂ, ਮੈਨੂੰ ਚਾੜ੍ਹ ਲੈ ਰੱਬ ਦੇ ਵਾਸਤੇ ਤੇ ।
ਹਥ ਜੋੜ ਕੇ ਮਿੰਨਤਾ ਕਰੇ ਰਾਂਝਾ, ਤਰਲਾ ਕਰਾਂ ਮੈਂ ਝੱਬ ਦੇ ਵਾਸਤੇ ਤੇ।
ਤੁਸੀਂ ਚਾੜ੍ਹ ਲਵੋ ਮੈਨੂੰ ਵਿਚ ਬੇੜੀ, ਚੱਪੂ ਧਿਕਸਾਂ ਦੱਬ ਦੇ ਵਾਸਤੇ ਤੇ ।
ਰੁੱਸ ਆਇਆ ਹਾਂ ਨਾਲ ਭਾਬੀਆਂ ਦੇ, ਮਿੰਨਤਾਂ ਕਰਾਂ ਸਬੱਬ ਦੇ ਵਾਸਤੇ ਤੇ ।
(ਝਬ= ਛੇਤੀ, ਜਲਦੀ)