Back ArrowLogo
Info
Profile

  1. ਰਾਂਝੇ ਤੋਂ ਹੀਰ ਨੇ ਹਾਲ ਪੁੱਛਣਾ

ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ, ਬੇਲੀ ਦੱਸ ਖਾਂ ਕਿਧਰੋਂ ਆਵਨਾ ਏਂ ।

ਕਿਸ ਮਾਨ-ਮੱਤੀ ਘਰੋਂ ਕਢਿਉ ਤੂੰ, ਜਿਸ ਵਾਸਤੇ ਫੇਰੀਆਂ ਪਾਵਨਾ ਏਂ।

ਕੌਣ ਛਡ ਆਇਉਂ ਪਿੱਛੇ ਮਿਹਰ ਵਾਲੀ, ਜਿਸ ਦੇ ਵਾਸਤੇ ਪੱਛੋਤਾਵਨਾ ਏਂ ।

ਕੌਣ ਜ਼ਾਤ ਤੇ ਵਤਨ ਕੀ ਸਾਈਆਂ ਦਾ, ਅਤੇ ਜੱਦ ਦਾ ਕੌਣ ਸਦਾਵਨਾਂ ਏਂ ।

ਤੇਰੇ ਵਾਰਨੇ ਚੌਖਨੇ ਜਾਨੀਆਂ ਮੈਂ, ਮੰਙੂ ਬਾਬਲੇ ਦਾ ਚਾਰ ਲਿਆਵਨਾ ਏਂ ।

ਮੰਙੂ ਬਾਬਲੇ ਦਾ ਤੇ ਤੂੰ ਚਾਕ ਮੇਰਾ, ਇਹ ਵੀ ਫੰਧ ਲੱਗੇ ਜੇ ਤੂੰ ਲਾਵਨਾ ਏਂ ।

ਵਾਰਿਸ ਸ਼ਾਹ ਚਹੀਕ ਜੇ ਨਵੀਂ ਚੂਪੇਂ, ਸਭੇ ਭੁਲ ਜਾਣੀਂ ਜਿਹੜੀਆਂ ਗਾਵਨਾਂ ਏਂ ।

 

(ਵਾਟ=ਰਾਹ, ਮੰਙੂ= ਚੌਣਾ,ਗਾਵਾਂ ਮੱਝਾਂ, ਚਾਕ= ਚਾਕਰ, ਚਹੀਕ= ਇੱਕ ਗੁਲਾਬੀ ਰੰਗ ਦੀ ਕਾਹੀ, ਦਰਿਆਵਾਂ ਦੇ ਕੰਢੇ ਤੇ ਹੁੰਦੀ ਹੈ ਅਤੇ ਮਾਲ ਡੰਗਰ ਇਸ ਨੂੰ ਸ਼ੌਕ ਨਾਲ ਖਾਂਦਾ ਹੈ, ਮੁੱਢੇ ਕਮਾਦ ਦੇ ਗੰਨੇ ਦੀ ਪੋਰੀ ਨੂੰ ਵੀ ਚਹੀਕ ਆਖਦੇ ਹਨ)

 

  1. ਰਾਂਝਾ

ਤੁਸਾਂ ਜਹੇ ਮਾਸ਼ੂਕ ਜੇ ਥੀਣ ਰਾਜ਼ੀ, ਮੰਗੂ ਨੈਣਾਂ ਦੀ ਧਾਰ ਵਿੱਚ ਚਾਰੀਏ ਨੀ ।

ਨੈਣਾਂ ਤੇਰਿਆਂ ਦੇ ਅਸੀਂ ਚਾਕ ਹੋਏ, ਜਿਵੇਂ ਜੀਉ ਮੰਨੇ ਤਿਵੇਂ ਸਾਰੀਏ ਨੀ ।

ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ, ਕੋਈ ਬੈਠ ਵਿਚਾਰ ਵਿਚਾਰੀਏ ਨੀ।

ਗੱਲ ਘਤ ਜੰਜਾਲ ਕੰਗਾਲ ਮਾਰੇਂ, ਜਾਇ ਤ੍ਰਿੰਞਣੀ ਵੜੇਂ ਕੁਆਰੀਏ ਨੀ ।

 

(ਜੰਜਾਲ=ਮੁਸੀਬਤ, ਕੰਗਾਲ ਗ਼ਰੀਬ)

 

  1. ਹੀਰ

ਹੱਥ ਬੱਧੜੀ ਰਹਾਂ ਗੁਲਾਮ ਤੇਰੀ, ਸਣੇ ਤ੍ਰਿੰਞਣਾਂ ਨਾਲ ਸਹੇਲੀਆਂ ਦੇ।

ਹੋਸਣ ਨਿਤ ਬਹਾਰਾਂ ਤੇ ਰੰਗ ਘਣੇ, ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ ।

ਸਾਨੂੰ ਰੱਬ ਨੇ ਚਾਕ ਮਿਲਾਇ ਦਿੱਤਾ, ਭੁੱਲ ਗਏ ਪਿਆਰ ਅਰਬੇਲੀਆਂ ਦੇ ।

ਦਿਨੇ ਬੇਲਿਆਂ ਦੇ ਵਿੱਚ ਕਰੀਂ ਮੌਜਾਂ, ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ।

 

(ਬੇਲੀ=ਦੋਸਤ, ਯਾਰ, ਅਰਬੇਲੀ=ਅਲਬੇਲੀ)

 

  1. ਰਾਂਝਾ

ਨਾਲ ਨੱਢੀਆਂ ਘਿੰਨ ਕੇ ਚਰਖੜੇ ਨੂੰ, ਤੁਸਾਂ ਬੈਠਣਾ ਵਿੱਚ ਭੰਡਾਰ ਹੀਰੇ।

ਅਸੀਂ ਰੁਲਾਂਗੇ ਆਣ ਕੇ ਵਿੱਚ ਵਿਹੜੇ, ਸਾਡੀ ਕੋਈ ਨਾ ਲਏਗਾ ਸਾਰ ਹੀਰੇ।

ਟਿੱਕੀ ਦੇਇ ਕੇ ਵਿਹੜਿਓਂ ਕਢ ਛੱਡੇਂ, ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ ।

ਸਾਡੇ ਨਾਲ ਜੇ ਤੋੜ ਨਿਬਾਹੁਣੀ ਏਂ ਸੱਚਾ ਦੇਹ ਖਾਂ ਕੌਲ ਕਰਾਰ ਹੀਰੇ।

 

(ਭੰਡਾਰ=ਤ੍ਰਿੰਞਣ,ਛੋਪੇ ਪਾਉਣ ਦੀ ਥਾਂ, ਸਾਰ=ਖ਼ਬਰ)

 

  1. ਹੀਰ

ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ, ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ ।

ਤੇਰੇ ਬਾਝ ਤੁਆਮ ਹਰਾਮ ਮੈਨੂੰ, ਤੁਧ ਬਾਝ ਨਾ ਨੈਣ ਨਾ ਅੰਗ ਜੋੜਾਂ ।

ਖੁਆਜਾ ਖਿਜ਼ਰ ਤੇ ਬੈਠ ਕੇ ਕਸਮ ਖਾਧੀ, ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ ।

ਕੁਹੜੀ ਹੋ ਕੇ ਨੈਣ ਪਰਾਣ ਜਾਵਣ, ਤੇਰੇ ਬਾਝ ਜੇ ਕੱਤ ਮੈਂ ਹੋਰ ਲੋੜਾਂ ।

 

(ਖ਼ੁਆਜਾ ਖਿਜ਼ਰ= ਖੁਦਾ ਦਾ ਇੱਕ ਨਬੀ ਜਿਹੜਾ ਹਜ਼ਰਤ ਮੂਸਾ ਦੇ ਸਮੇਂ ਹੋਇਆ, ਇਹ ਪਾਣੀਆਂ ਦਾ ਪੀਰ ਮੰਨਿਆ ਜਾਂਦਾ ਹੈ ਤੇ ਮਲਾਹ ਇਹਦੇ ਨਾਂ ਦਾ ਦੀਵਾ ਬਾਲਦੇ ਹਨ ਅਤੇ ਨਿਆਜ਼ਾਂ ਵੰਡਦੇ ਹਨ। ਖ਼ਿਜ਼ਰ ਭੁੱਲਿਆਂ ਨੂੰ ਰਾਹ ਦੱਸਣ ਵਾਲਾ ਪੀਰ ਹੈ, ਲੋੜਾਂ = ਲੱਭਾਂ; ਪਾਠ ਭੇਦ: ਤੇਰੇ ਬਾਝ=ਵਾਰਿਸ ਸ਼ਾਹ)

 

  1. ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ

ਚੇਤਾ ਮੁਆਮਲੇ ਪੈਣ ਤੇ ਛੱਡ ਜਾਏਂ, ਇਸ਼ਕ ਜਾਲਣਾ ਖਰਾ ਦੁਹੇਲੜਾ ਈ ।

ਸਚ ਆਖਣਾ ਈ ਹੁਣੇ ਆਖ ਮੈਨੂੰ, ਏਹੋ ਸਚ ਤੇ ਝੂਠ ਦਾ ਵੇਲੜਾ ਈ।

ਤਾਬ ਇਸ਼ਕ ਦੀ ਝੱਲਣੀ ਖਰੀ ਔਖੀ, ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ ।

ਏਥੋਂ ਛੱਡ ਈਮਾਨ ਜੇ ਨੱਸ ਜਾਸੇ, ਅੰਤ ਰੋਜ਼ ਕਿਆਮਤੇ ਮੇਲੜਾ ਈ ।

 

(ਜਾਲਣਾ=ਸਹਿਣਾ, ਦੁਹੇਲੜਾ = ਔਖਾ, ਮੁਸ਼ਕਿਲ, ਤਾਬ=ਗਰਮੀ,ਤਕਲੀਫ)

 

  1. ਹੀਰ ਦਾ ਰਾਂਝੇ ਨੂੰ ਚੂਚਕ ਕੋਲ ਲਿਜਾਣਾ

ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ, ਮਾਲ ਜੀਉ ਤੇਰੇ ਉਤੋਂ ਵਾਰਿਆ ਈ ।

ਪਾਸਾ ਜਾਨ ਦਾ ਸੀਸ ਦੀ ਲਾਈ ਬਾਜ਼ੀ, ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ ।

ਰਾਂਝਾ ਜੀਉ ਦੇ ਵਿੱਚ ਯਕੀਨ ਕਰਕੇ, ਮਹਿਰ ਚੂਚਕੇ ਪਾਸ ਸਿਧਾਰਿਆ ਈ ।

ਅੱਗੇ ਪੈਂਚਣੀ ਹੋਇ ਕੇ ਹੀਰ ਚੱਲੀ, ਕੋਲ ਰਾਂਝੇ ਨੂੰ ਜਾਇ ਖਲ੍ਹਾਰਿਆ ਈ ।

 

  1. ਹੀਰ ਆਪਣੇ ਬਾਪ ਨੂੰ

ਹੀਰ ਜਾਇ ਕੇ ਆਖਦੀ ਬਾਬਲਾ ਵੇ, ਤੇਰੇ ਨਾਉਂ ਤੋਂ ਘੋਲ ਘੁਮਾਈਆਂ ਮੈਂ ।

ਜਿਸ ਆਪਣੇ ਰਾਜ ਦੇ ਹੁਕਮ ਅੰਦਰ, ਵਿੱਚ ਸਾਂਦਲ-ਬਾਰ ਖਿਡਾਈਆਂ ਮੈਂ।

ਲਾਸਾਂ ਪੱਟ ਦੀਆਂ ਪਾਇ ਕੇ ਬਾਗ਼ ਕਾਲ਼ੇ, ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ।

ਮੇਰੀ ਜਾਨ ਬਾਬਲ ਜੀਵੇ ਧੌਲ ਰਾਜਾ, ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ ।

 

(ਸਾਂਦਲ ਬਾਰ=ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਇਲਾਕਾ, ਲਾਸਾਂ=ਰੱਸੇ, ਪਟ=ਰੇਸ਼ਮ, ਪੀਘਾਈਆਂ = ਚੜ੍ਹਾਈਆਂ, ਝੂਟੀਆਂ, ਧੌਲ= ਜਿਸ ਬਲਦ ਨੇ ਆਪਣੇ ਸਿੰਗਾਂ ਤੇ ਧਰਤੀ ਚੁੱਕੀ ਮੰਨਿਆਂ ਜਾਂਦਾ ਹੈ, ਪਾਠ ਭੇਦ: ਮਾਹੀ ਮਹੀਂ ਦਾ ਵਾਰਿਸ ਸ਼ਾਹ)

10 / 96
Previous
Next