Back ArrowLogo
Info
Profile

  1. ਹੀਰ ਦਾ ਬਾਪ ਚੂਚਕ ਤੇ ਹੀਰ

ਬਾਪ ਹਸ ਕੇ ਪੁੱਛਦਾ ਕੌਣ ਹੁੰਦਾ, ਇਹ ਮੁੰਡੜਾ ਕਿਤ ਸਰਕਾਰ ਦਾ ਹੈ।

ਹੱਥ ਲਾਇਆਂ ਪਿੰਡੇ ਤੇ ਦਾਗ਼ ਪੈਂਦ, ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ।

ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ, ਮੱਝੀ ਬਹੁਤ ਸੰਭਾਲ ਕੇ ਚਾਰਦਾ ਹੈ।

ਮਾਲ ਆਪਣਾ ਜਾਨ ਕੇ ਸਾਂਭ ਲਿਆਵੇ, ਕੋਈ ਕੰਮ ਨਾ ਕਰੇ ਵਗਾਰ ਦਾ ਹੈ।

ਹਿੱਕੇ ਨਾਲ ਪਿਆਰ ਦੀ ਹੂੰਗ ਦੇ ਕੇ, ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ।

ਦਿਸੇ ਨੂਰ ਅੱਲਾਹ ਦਾ ਮੁਖੜੇ ਤੇ, ਮਨੋਂ ਰਬ ਹੀ ਰਬ ਚਿਤਾਰਦਾ ਹੈ।

 

(ਦਰਕਾਰ=ਕੰਮ ਦਾ,ਲੋੜ, ਕੋਟ=ਕਿਲ੍ਹਾ, ਹੂੰਗ=ਹੂੰਗਾ ਮਾਰ ਕੇ; ਪਾਠ ਭੇਦ: ਮਨੋਂ ਰਬ ਹੀ ਰਬ=ਵਾਰਿਸ ਸ਼ਾਹ ਨੂੰ ਪਿਆ)

 

  1. ਹੀਰ ਦੇ ਬਾਪ ਦਾ ਪੁੱਛਣਾ

ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ, ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ ।

ਕੀਕੂੰ ਰਿਜ਼ਕ ਨੇ ਆਣ ਉਦਾਸ ਕੀਤਾ, ਏਹਨੂੰ ਕਿਹੜੇ ਪੀਰ ਦੀ ਓਟ ਹੈ ਨੀ।

ਫ਼ੌਜਦਾਰ ਵਾਂਗੂੰ ਕਰ ਕੂਚ ਧਾਣਾ, ਮਾਰ ਜਿਵੇਂ ਨਕਾਰੇ ਤੇ ਚੋਟ ਹੈ ਨੀ ।

ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ, ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ ।

 

(ਅਕਲ ਸ਼ਊਰ=ਸੂਝ ਬੂਝ, ਰਿਜ਼ਕ =ਰੋਟੀ, ਧਣਾ=ਕੀਤਾ, ਤ੍ਰੋਟ=ਥੁੜ੍ਹ; ਪਾਠ ਭੇਦ: ਕਿਹੜੀ ਗੱਲ ਦੀ ਏਸ ਨੂੰ ਤ੍ਰੋਟ=ਵਾਰਿਸ ਸ਼ਾਹ ਦਾ ਕੇਹੜਾ ਕੋਟ)

 

  1. ਹੀਰ ਨੇ ਬਾਪ ਨੂੰ ਦੱਸਣਾ

ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ, ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ ।

ਉਹਦਾ ਬੂਪੜਾ ਮੁਖ ਤੇ ਨੈਣ ਨਿਮ੍ਹੇ, ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ।

ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ, ਸਖੀ ਜੀਉ ਦਾ ਨਹੀਂ ਬਖ਼ੀਲ ਹੈ ਜੀ।

ਗੱਲ ਸੋਹਣੀ ਪਰ੍ਹੇ ਦੇ ਵਿੱਚ ਕਰਦਾ, ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ ।

 

(ਅਸੀਲ=ਅੱਛੀ ਨਸਲ ਦਾ, ਬੂਪੜਾ = ਬੀਬੜਾ, ਭੋਲਾ, ਬਖ਼ੀਲ=ਕੰਜੂਸ, ਲਾਈ= ਸਾਲਸ, ਪੰਚਾਇਤੀ)

 

  1. ਚੂਚਕ

ਕੇਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ, ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ।

ਪਾੜ ਝੀੜ ਕਰ ਆਂਵਦਾ ਕਿੱਤ ਦੇਸੋਂ, ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ ।

ਕਿਸ ਗੱਲ ਤੋਂ ਰੁਸਕੇ ਉਠ ਆਇਆ, ਲੜਿਆ ਕਾਸ ਤੋਂ ਨਾਲ ਭਰਜਾਈਆਂ ਦੇ ।

ਵਾਰਿਸ ਸ਼ਾਹ ਦੇ ਦਿਲ ਤੇ ਸ਼ੌਕ ਆਇਆ ਵੇਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।

 

  1. ਹੀਰ

ਲਾਈ ਹੋਇ ਕੇ ਮਾਮਲੇ ਦੱਸ ਦੇਂਦਾ, ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ ।

ਬਾਹੋਂ ਪਕੜ ਕੇ ਕੰਢੇ ਦੇ ਪਾਰ ਲਾਵੇ, ਹਥੋਂ ਕਢ ਦੇਂਦਾ ਖੋਜ ਝੇੜਿਆਂ ਦੇ ।

ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ, ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ ।

ਧਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ, ਠੰਡ ਪਾਂਵਦਾ ਵਿੱਚ ਬਖੇੜਿਆਂ ਦੇ ।

ਸਭ ਰਹੀ ਰਹੁੰਨੀ ਨੂੰ ਸਾਂਭ ਲਿਆਵੇ, ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ ।

ਵਾਰਿਸ ਸ਼ਾਹ ਜਵਾਨ ਹੈ ਭਲਾ ਰਾਂਝਾ, ਜਿੱਥੇ ਨਿੱਤ ਪੌਦੇ ਲਖ ਭੇੜਿਆਂ ਦੇ ।

 

(ਮੁਨਸਫ=ਇਨਸਾਫ ਕਰਨ ਵਾਲਾ, ਫੇੜੇ = ਝਗੜੇ, ਵਰ੍ਹੀ=ਰੱਸੀ, ਪਾੜ=ਟੱਕ, ਧਾੜਾ-ਡਾਕੂਆਂ ਵੱਲੋਂ ਕੀਤੀ ਲੁੱਟ, ਰਹੀ ਰਹੁੰਨੀ=ਇਕੱਲੀ ਰਹੀ, ਹੇੜਿਆਂ=ਸ਼ਿਕਾਰੀਆਂ, ਭੇੜੇ=ਲੜਾਈ, ਝਗੜੇ)

 

  1. ਚੂਚਕ ਦੀ ਮਨਜ਼ੂਰੀ

ਤੇਰ ਆਖਣਾ ਅਸਾਂ ਮਨਜ਼ੂਰ ਕੀਤਾ, ਮਹੀਂ ਦੇ ਸੰਭਾਲ ਕੇ ਸਾਰੀਆਂ ਨੀ ।

ਖ਼ਬਰਦਾਰ ਰਹੇ ਮਝੀਂ ਵਿੱਚ ਖੜਾ, ਬੇਲੇ ਵਿੱਚ ਮੁਸੀਬਤਾਂ ਭਾਰੀਆਂ ਨੀ ।

ਰਲਾ ਕਰੇ ਨਾਹੀਂ ਨਾਲ ਖੰਧਿਆਂ ਦੇ, ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ ।

ਮਤਾਂ ਖੇਡ ਰੁੱਝੇ ਖੜੀਆਂ ਜਾਣ ਮੱਝੀ, ਹੋਵਣ ਪਿੰਡ ਦੇ ਵਿੱਚ ਖ਼ੁਆਰੀਆਂ ਨੀ ।

 

(ਖੰਧਿਆਂ= ਚੌਣਾ, ਵੱਗ)

 

  1. ਹੀਰ ਨੇ ਮਾਂ ਨੂੰ ਖ਼ਬਰ ਦੱਸਣੀ

ਪਾਸ ਮਾਉਂ ਦੇ ਨਢੜੀ ਗੱਲ ਕੀਤੀ, ਮਾਹੀ ਮਝੀਂ ਦਾ ਆਣ ਕੇ ਛੇੜਿਆ ਮੈਂ ।

ਨਿੱਤ ਪਿੰਡ ਦੇ ਵਿੱਚ ਵਿਚਾਰ ਪੌਂਦੀ, ਏਹ ਝਗੜਾ ਚਾਇ ਨਿਬੇੜਿਆ ਮੈਂ ।

ਸੁੰਞਾ ਨਿੱਤ ਰੁਲੇ ਮੰਗੂ ਵਿੱਚ ਬੇਲੇ, ਮਾਹੀ ਸੁਘੜ ਹੈ ਆਣ ਸਹੇੜਿਆ ਮੈਂ ।

ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ, ਸਾਊ ਅਸਲ ਜਟੇਟੜਾ ਘੇਰਿਆ ਮੈਂ ।

 

  1. ਰਾਂਝੇ ਨੂੰ ਹੀਰ ਦਾ ਉੱਤਰ

ਮੱਖਣ ਖੰਡ ਪਰਉਠੇ ਖਾਹ ਮੀਆਂ, ਮਹੀਂ ਛੇੜ ਦੇ ਰਬ ਦੇ ਆਸਰੇ ਤੇ।

ਹੱਸਣ ਗੱਭਰੂ ਰਾਂਝਿਆ ਜਾਲ ਮੀਆਂ, ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ ।

ਹੀਰ ਆਖਦੀ ਰਬ ਰੱਜ਼ਾਕ ਤੇਰਾ, ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ।

ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ, ਆਪ ਹੋ ਬਹੀਂ ਇੱਕ ਪਾਸੜੇ ਤੇ।

 

(ਕਾਸੜੇ=ਭਾਂਡੇ, ਰੱਜਾਕ=ਰਿਜ਼ਕ ਦੇਣ ਵਾਲਾ)

 

  1. ਪੰਜਾਂ ਪੀਰਾਂ ਨਾਲ ਮੁਲਾਕਾਤ

ਬੇਲੇ ਰਬ ਦਾ ਨਾਉਂ ਲੈ ਜਾਇ ਵੜਿਆ, ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ।

ਉਹਦੀ ਨੇਕ ਸਾਇਤ ਰੁਜੂ ਆਣ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ।

ਬੱਚਾ ਖਾਹ ਚੂਰੀ ਚੋਇ ਮਝ ਬੂਰੀ, ਜੀਊ ਵਿੱਚ ਨਾ ਹੋਇ ਦਿਲਗੀਰ ਮੀਆਂ।

ਕਾਈ ਨਢੜੀ ਸੋਹਨੀ ਕਰੋ ਬਖ਼ਸ਼ਿਸ਼, ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ।

ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ, ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ ।

 

(ਜ਼ਹੀਰ=ਦੁਖੀ, ਨੇਕ ਸਾਇਤ ਰੁਜੂ ਆਣ ਹੋਈ= ਸ਼ੁਭ ਘੜੀ ਆ ਗਈ, ਦਿਲਗੀਰ=ਗ਼ਮਨਾਕ, ਭੀੜ= ਔਖਾ ਵੇਲਾ,ਤਕਲੀਫ਼)

11 / 96
Previous
Next