Back ArrowLogo
Info
Profile

  1. ਪੀਰਾਂ ਦੀ ਬਖਸ਼ਿਸ਼

ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ, ਮੁਲਤਾਨ ਦਾ ਜ਼ਕਰੀਆ ਪੀਰ ਨੂਰੀ ।

ਹੋਰ ਸਈਅੱਦ ਜਲਾਲ ਬੁਖ਼ਾਰੀਆ ਸੀ, ਅਤੇ ਲਾਲ ਸ਼ਾਹਬਾਜ਼ ਬਹਿਸ਼ਤ ਹੂਰੀ।

ਤੁੱਰਾ ਖ਼ਿਜ਼ਰ ਰੁਮਾਲ ਸ਼ੱਕਰ ਗੰਜ ਦਿੱਤਾ, ਅਤੇ ਮੁੰਦਰੀ ਲਾਲ ਸ਼ਹਿਬਾਜ਼ ਨੂਰੀ ।

ਖੰਜਰ ਸਈਅੱਦ ਜਲਾਲ ਬੁਖਖ਼ਾਰੀਏ ਨੇ, ਖੂੰਡੀ ਜ਼ਕਰੀਏ ਪੀਰ ਨੇ ਹਿੱਕ ਬੂਰੀ ।

ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ, ਵਾਰਿਸ ਸ਼ਾਹ ਨਾ ਜਾਨਣਾ ਪਲਕ ਦੂਰੀ ।

 

(ਪੰਜ ਪੀਰ=1. ਖ਼ਵਾਜਾ ਖਿਜ਼ਰ, 2. ਸ਼ਕਰ ਗੰਜ, 3.ਜ਼ਕਰੀਆ ਖਾਨ, 4. ਸੱਈਅਦ ਜਲਾਲ ਬੁਖਾਰੀ, 5.ਲਾਅਲ ਸ਼ਾਹਬਾਜ਼, ਬੋਜ਼ ਘੋੜੀ=ਚਿੱਟੀ ਘੋੜੀ, ਤੁੱਰਾ=ਸ਼ਮਲਾ, ਪਲਕ ਦੂਰੀ=ਅੱਖ ਝਪਕਣ ਜਿੰਨੀ ਦੂਰੀ)

 

  1. ਹੀਰ ਦਾ ਭੱਤਾ ਲੈ ਕੇ ਬੇਲੇ ਨੂੰ ਜਾਣਾ

ਹੀਰ ਚਾਇ ਭੱਤਾ ਖੰਡ ਖੀਰ ਮੱਖਣ, ਮੀਆਂ ਰਾਂਝੇ ਦੇ ਪਾਸ ਲੈ ਧਾਵਦੀ ਹੈ।

ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ, ਰੋ ਰੋ ਆਪਣਾ ਹਾਲ ਸੁਣਾਂਵਦੀ ਹੈ।

ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ, ਬਾਸ ਚੂਰੀ ਦੀ ਬੇਲਿਉਂ ਆਂਵਦੀ ਹੈ।

ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲੰਗੀ, ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ।

 

(ਭੱਤਾ=ਸ਼ਾਹ ਵੇਲਾ, ਬਾਸ=ਮਹਿਕ, ਕਲ੍ਹਾ=ਫਸਾਦ)

 

  1. ਕੈਦੋ ਰਾਂਝੇ ਕੋਲ

ਹੀਰ ਗਈ ਜਾਂ ਨਦੀ ਵਲ ਲੈਣ ਪਾਣੀ, ਕੈਦੋ ਆਣ ਕੇ ਮੁਖ ਵਿਖਾਵਾਂਦਾ ਹੈ ।

ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ, ਆਨ ਸਵਾਲ ਖ਼ੁਦਾਇ ਦਾ ਪਾਂਵਦਾ ਹੈ।

ਰਾਂਝੇ ਰੁਗ ਭਰ ਕੇ ਚੂਰੀ ਚਾਇ ਦਿੱਤੀ, ਲੈ ਕੇ ਤੁਰਤ ਹੀ ਪਿੰਡ ਨੂੰ ਧਾਂਵਦਾ ਹੈ ।

ਰਾਂਝਾ ਹੀਰ ਨੂੰ ਪੁੱਛਦਾ ਇਹ ਲੰਝਾਂ, ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਹੈ।

ਵਾਰਿਸ ਸ਼ਾਹ ਮੀਆਂ ਜਿਵੇਂ ਪੱਛ ਕੇ ਤੇ, ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ।

 

  1. ਹੀਰ

ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਸਾਡਾ ਕੰਮ ਹੈ ਨਾਲ ਵੈਰਾਈਆਂ ਦੇ ।

ਸਾਡੇ ਖੋਜ ਨੂੰ ਤਕ ਕੇ ਕਰੇ ਚੁਗਲੀ, ਦਿਨੇ ਰਾਤ ਹੈ ਵਿੱਚ ਬੁਰਿਆਈਆਂ ਦੇ ।

ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ, ਭੰਗ ਘੱਤਦਾ ਵਿੱਚ ਕੁੜਮਾਈਆਂ ਦੇ ।

ਬਾਬਾਲ ਅੰਮੜੀ ਤੇ ਜਾਇ ਠਿਠ ਕਰਸੀ, ਜਾ ਆਖਸੀ ਪਾਸ ਭਰਜਾਈਆਂ ਦੇ।

 

(ਵੀਰਾਨੀ=ਪੁਰਾਣੀ ਦੁਸ਼ਮਣੀ, ਵੈਰ ਠਿਠ ਕਰਸੀ = ਮਖੌਲ ਕਰੇਗਾ)

 

  1. ਤਥਾ

ਹੀਰ ਆਖਿਆ ਰਾਂਝਿਆ ਬੁਰਾ ਕੀਤੋ, ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੇ ।

ਮੈਂ ਤਾਂ ਜਾਣਦਾ ਨਹੀਂ ਸਾਂ ਇਹ ਸੂਹਾਂ, ਖੈਰ ਮੰਗਿਆ ਸੂ ਮੈਥੋਂ ਆਇਕੇ ਤੇ ।

ਖੈਰ ਲੈਂਦੇ ਹੀ ਪਿਛਾਂਹ ਨੂੰ ਪਰਤ ਭੰਨਾ, ਉਠ ਵਗਿਆ ਕੰਡ ਵਲਾਇਕੇ ਤੇ ।

ਨੇੜੇ ਜਾਂਦਾ ਹਈ ਜਾਇ ਮਿਲ ਨੱਢੀਏ ਨੀ, ਜਾਹ ਪੁੱਛ ਲੈ ਗੱਲ ਸਮਝਾਇਕੇ ਤੇ।

ਵਾਰਿਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀਂ , ਦੋ ਤਿੰਨ ਅੱਡੀਆਂ ਹਿਕ ਵਿਚ ਲਾਇਕੇ ਤੇ ।

 

(ਸੂੰਹਾ = ਸੂਹ ਕੱਢਣ ਵਾਲਾ, ਕੰਡ=ਪਿੱਠ)

 

  1. ਹੀਰ ਦਾ ਕੈਦੋ ਨੂੰ ਟੱਕਰਨਾ

ਮਿਲੀ ਰਾਹ ਵਿੱਚ ਦੌੜ ਦੇ ਆ ਨਢੀ, ਪਹਿਲੇ ਨਾਲ ਫ਼ਰੇਬ ਦੇ ਚੱਟਿਆ ਸੂ।

ਨੇੜੇ ਆਣ ਕੇ ਸ਼ੀਹਣੀ ਵਾਂਗ ਗੱਜੀ, ਅੱਖੀਂ ਰੋਹ ਦਾ ਨੀਰ ਪਲੱਟਿਆ ਸੂ ।

ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ, ਲੱਕੋਂ ਚਾਇਕੇ ਜ਼ਿਮੀਂ ਤੇ ਸੱਟਿਆ ਸੂ ।

ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ, ਧੋਬੀ ਪਟੜੇ ਤੇ ਖੇਸ ਨੂੰ ਛੱਟਿਆ ਸੂ।

ਵਾਰਿਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ, ਸ਼ੈਤਾਨ ਨੂੰ ਜ਼ਿਮੀਂ ਤੇ ਸੱਟਿਆ ਸੂ।

 

(ਸੇਲ੍ਹੀ=ਲੱਕ ਦੁਆਲੇ ਬੰਨ੍ਹੀ ਪੇਟੀ)

 

  1. ਹੀਰ ਨੇ ਕੈਦੋਂ ਨੂੰ ਡਰਾਉਣਾ

ਹੀਰ ਢਾਇ ਕੇ ਆਖਿਆ ਮੀਆਂ ਚਾਚਾ, ਚੂਰੀ ਦੇਹ ਜੇ ਜੀਵਿਆ ਲੋੜਨਾ ਹੈਂ ।

ਨਹੀਂ ਮਾਰ ਕੇ ਜਿੰਦ ਗਵਾ ਦੇਸਾਂ, ਮੈਨੂੰ ਕਿਸੇ ਨਾ ਹਟਕਣਾ ਹੋੜਨਾ ਹੈ।

ਬੰਨ੍ਹ ਪੈਰ ਤੇ ਹੱਥ ਲਟਕਾਇ ਦੇਸਾਂ, ਲੜ ਲੜਕੀਆਂ ਨਾਲ ਕੀ ਜੋੜਨਾ ਹੈਂ।

ਚੂਰੀ ਦੇਹ ਖਾਂ ਨਾਲ ਹਯਾ ਆਪੇ, ਕਾਹੇ ਅਸਾਂ ਦੇ ਨਾਲ ਅਜੋੜਨਾ ਹੈ।

 

(ਅਜੋੜਨਾ=ਦੁਸ਼ਮਣੀ ਕਰਨੀ)

 

  1. ਕੈਦੋਂ ਦਾ ਪਰ੍ਹਿਆ ਵਿੱਚ ਫ਼ਰਿਆਦ ਕਰਨਾ

ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ, ਚੁਣ ਮੇਲ ਕੇ ਪਰ੍ਹੇ ਵਿਚ ਲਿਆਂਵਦਾ ਈ ।

ਕਿਹਾ ਮੰਨਦੇ ਨਹੀਂ ਸਾਉ ਮੂਲ ਮੇਰਾ, ਚੂਰੀ ਪੱਲਿਉਂ ਖੋਲ ਵਿਖਾਂਵਦਾ ਈ ।

ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ, ਨਢੀ ਮਾਰ ਕੇ ਨਹੀਂ ਸਮਝਾਂਵਦਾ ਈ ।

ਚਾਕ ਨਾਲ ਇਕੱਲੜੀ ਜਾਏ ਬੇਲੇ, ਅੱਜ ਕਲ ਕੋਈ ਲੀਕ ਲਾਂਵਦਾ ਈ ।

ਵਾਰਿਸ ਸ਼ਾਹ ਜਦੋਕਣਾ ਚਾਕ ਰੱਖਿਆ, ਓਸ ਵੇਲੜੇ ਨੂੰ ਪਛੋਤਾਂਵਦਾ ਈ ।

 

(ਲੀਕ ਲਾਉਣੀ=ਕਲੰਕ ਦਾ ਟਿੱਕਾ ਲਾਉਣਾ)

 

  1. ਚੂਚਕ

ਚੂਚਕ ਆਖਿਆ ਕੂੜੀਆਂ ਕਰੇਂ ਗੱਲਾਂ, ਹੀਰ ਖੇਡਦੀ ਨਾਲ ਸਹੇਲੀਆਂ ਦੇ ।

ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ, ਤ੍ਰਿੰਵਣ ਜੋੜਦੀ ਵਿੱਚ ਹਵੇਲੀਆਂ ਦੇ ।

ਇਹ ਚੁਗ਼ਲ ਜਹਾਨ ਦਾ ਮਗਰ ਲੱਗਾ, ਫ਼ੱਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ ।

ਕਦੀ ਨਾਲ ਮਦਾਰੀਆਂ ਭੰਗ ਘੋਟੇ, ਕਦੀ ਜਾਇ ਨੱਚੇ ਨਾਲ ਚੇਲੀਆਂ ਦੇ।

ਨਹੀਂ ਚੂਹੜੇ ਦਾ ਪੁੱਤ ਹੋਏ ਸਈਅਦ, ਘੋੜੇ ਹੋਣ ਨਾਹੀਂ ਪੁੱਤ ਲੇਲੀਆਂ ਦੇ ।

ਵਾਰਿਸ ਸ਼ਾਹ ਫ਼ਕੀਰ ਭੀ ਨਹੀਂ ਹੁੰਦੇ, ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ ।

 

(ਕੂੜੀਆਂ=ਝੂਠੀਆਂ)

12 / 96
Previous
Next