Back ArrowLogo
Info
Profile

  1. ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗ਼ਲੀ

ਮਾਂ ਹੀਰ ਦੀ ਥੇ ਲੋਕ ਕਰਨ ਚੁਗਲੀ, ਮਹਿਰੀ ਮਲਕੀਏ ਧੀ ਖ਼ਰਾਬ ਹੈ ਨੀ।

ਅਸੀਂ ਮਾਸੀਆਂ ਫੁਫੀਆਂ ਲਜ ਮੋਈਆਂ, ਸਾਡਾ ਅੰਦਰੋਂ ਜੀਉ ਕਬਾਬ ਹੈ ਨੀ ।

ਸ਼ਮਸੁੱਦੀਨ ਕਾਜ਼ੀ ਨਿਤ ਕਰੇ ਮਸਲੇ, ਸ਼ੋਖ਼ ਧੀ ਦਾ ਵਿਆਹ ਸਵਾਬ ਹੈ ਨੀ ।

ਚਾਕ ਨਾਲ ਇਕੱਲੀਆਂ ਜਾਣ ਧੀਆਂ, ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ।

ਤੇਰੀ ਧੀ ਦਾ ਮਗ਼ਜ਼ ਹੈ ਬੇਗ਼ਮਾਂ ਦਾ, ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ ।

ਵਾਰਿਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਣ, ਧੀ ਮਲਕੀ ਦੀ ਪੁੱਜ ਖ਼ਰਾਬ ਹੈ ਨੀ ।

(ਸਵਾਬ=ਪੁੰਨ, ਪੁੱਜ=ਬਹੁਤ)

 

  1. ਕੈਦੋ ਦੀ ਹੀਰ ਦੀ ਮਾਂ ਕੋਲ ਚੁਗ਼ਲੀ

ਕੈਦੋ ਆਖਦਾ ਧੀ ਵਿਆਹ ਮਲਕੀ, ਧਰੋਹੀ ਰਬ ਦੀ ਮੰਨ ਲੈ ਡਾਇਣੇ ਨੀ ।

ਇੱਕੇ ਮਾਰ ਕੇ ਵੱਢ ਕੇ ਕਰਸੁ ਬੇਰੇ, ਮੂੰਹ ਸਿਰ ਭੰਨ ਚੋਆਂ ਸਾੜ ਸਾਇਣੇ ਨੀ ।

ਵੇਖ ਧੀ ਦਾ ਲਾਡ ਕੀ ਦੰਦ ਕੱਢੇ, ਬਹੁਤ ਝੂਰਸੇ ਰੰਨੇ ਕਸਾਇਣੇ ਨੀ ।

ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ, ਲਿੰਬ ਵਾਂਗ ਭੜੋਲੇ ਦੇ ਆਇਣੇ ਨੀ ।

 

(ਧਰੋਹੀ=ਵਾਸਤਾ, ਬੇਰੇ=ਟੋਟੇ, ਆਇਣਾ=ਭੜੋਲੇ ਦਾ ਮੂੰਹ)

 

  1. ਮਲਕੀ ਦਾ ਗੁੱਸਾ

ਗੁੱਸੇ ਨਾਲ ਮਲਕੀ ਤਪ ਲਾਲ ਹੋਈ, ਝੱਬ ਦੌੜ ਤੂੰ ਮਿੱਠੀਏ ਨਾਇਣੇ ਨੀ ।

ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ, ਤੈਨੂੰ ਮਾਉਂ ਸਦੇਂਦੀ ਹੈ ਡਾਇਣੇ ਨੀ ।

ਨੀ ਖੜਦੁੰਬੀਏ ਮੂਨੇ ਪਾੜ੍ਹੀਏ ਨੀ, ਮੁਸ਼ਟੰਡੀਏ ਬਾਰ ਦੀਏ ਵਾਇਣੇ ਨੀ ।

ਵਾਰਿਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ, ਘਰ ਆ ਸਿਆਪੇ ਦੀਏ ਨਾਇਣੇ ਨੀ ।

 

(ਖੜਦੁੰਬੀ=ਖੜੀ ਪੂੰਛ ਵਾਲੀ, ਮੂਨ=ਕਾਲੀ ਹਿਰਨੀ, ਪਾੜ੍ਹਾ=ਹਿਰਨ ਦੀ ਨਸਲ ਦਾ ਜਾਨਵਰ, ਵਾਇਣ = ਨਾਚੀ,ਨੱਚਣ ਵਾਲੀ)

 

  1. ਹੀਰ ਦਾ ਮਾਂ ਕੋਲ ਆਉਣਾ

ਹੀਰ ਆਇ ਕੇ ਆਖਦੀ ਹੱਸ ਕੇ ਤੇ, ਅਨੀ ਝਾਤ ਨੀ ਅੰਬੜੀਏ ਮੇਰੀਏ ਨੀ।

ਤੈਨੂੰ ਡੂੰਘੜੇ ਖੂਹ ਵਿੱਚ ਚਾਇ ਬੋੜਾਂ, ਕੁੱਲ ਪੱਟੀਉ ਬਚੜੀਏ ਮੇਰੀਏ ਨੀ ।

ਧੀ ਜਵਾਨ ਜੇ ਕਿਸੇ ਦੀ ਬੁਰੀ ਹੋਵੇ, ਚੁਪ ਕੀਤੜੇ ਚਾ ਨਬੇੜੀਏ ਨੀ ।

ਤੈਨੂੰ ਵੱਡਾ ਉਦਮਾਦ ਆ ਜਾਗਿਆ ਏ, ਤੇਰੇ ਵਾਸਤੇ ਮੁਣਸ ਸਹੇੜੀਏ ਨੀ ।

ਧੀ ਜਵਾਨ ਜੇ ਨਿਕਲੇ ਘਰੋਂ ਬਾਹਰ, ਲੱਗੇ ਵੱਸ ਤਾਂ ਖੂਹ ਨਘੇਰੀਏ ਨੀ ।

ਵਾਰਿਸ ਜਿਉਂਦੇ ਹੋਣ ਜੇ ਭੈਣ ਭਾਈ, ਚਾਕ ਚੋਬਰਾਂ ਨਾਂਹ ਸਹੇੜੀਏ ਨੀ ।

 

(ਬੋੜਾਂ=ਡੋਬਾਂ, ਨਬੇੜੀਏ=ਮਾਰ ਦੇਈਏ, ਉਦਮਾਦ= ਕਾਮ ਖੁਮਾਰੀ, ਨਘੇਰੀਏ =ਸੁਟ ਦੇਈਏ, ਚੋਬਰ=ਹੱਟਾ ਕੱਟਾ)

 

  1. ਮਾਂ ਨੇ ਹੀਰ ਨੂੰ ਡਰਾਉਣਾ

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ, ਕਰੇ ਫਿਕਰ ਉਹ ਤੇਰੇ ਮੁਕਾਵਣੇ ਦਾ।

ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਕੇਹਾ ਫ਼ਾਇਦਾ ਮਾਪਿਆਂ ਤਾਵਣੇ ਦਾ ।

ਨਕ ਵੱਢ ਕੇ ਕੋੜਮਾਂ ਗਾਲਿਉ ਈ, ਹੋਇਆ ਫ਼ਾਇਦਾ ਲਾਡ ਲਡਾਵਣੇ ਦਾ।

ਰਾਤੀਂ ਚਾਕ ਨੂੰ ਚਾਇ ਜਵਾਬ ਦੇਸਾਂ, ਨਹੀਂ ਸ਼ੌਕ ਏ ਮਹੀਂ ਚਰਵਾਣੇ ਦਾ ।

ਆ ਮਿੱਠੀਏ ਲਾਹ ਨੀ ਸਭ ਗਹਿਣੇ, ਗੁਣ ਕੀ ਹੈ ਗਹਿਣਿਆਂ ਪਾਵਣੇ ਦਾ।

ਵਾਰਿਸ ਸ਼ਾਹ ਮੀਆਂ ਛੋਹਰੀ ਦਾ, ਜੀਉ ਹੋਇਆ ਈ ਲਿੰਗ ਕੁਟਾਵਣੇ ਦਾ।

 

(ਲਿੰਗ ਕੁਟਾਵਣੇ=ਕੁੱਟ ਖਾਣ ਦਾ)

 

  1. ਹੀਰ ਦਾ ਉੱਤਰ

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ, ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ ।

ਇਹੋ ਜਹੇ ਜੇ ਆਦਮੀ ਹੱਥ ਆਵਣ, ਸਾਰਾ ਮੁਲਕ ਹੀ ਰਬ ਥੀਂ ਦੁਆ ਮੰਗੇ ।

ਜਿਹੜੇ ਰਬ ਕੀਤੇ ਕੰਮ ਹੋਇ ਰਹੇ, ਸਾਨੂੰ ਮਾਂਓ ਕਿਉਂ ਗ਼ੈਬ ਦੇ ਦਏਂ ਪੰਗੇ ।

ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ।

ਨਹੀਂ ਛੇੜੀਏ ਰੱਬ ਦਿਆਂ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ।

ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀ ਚਾਏ, ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ ।

 

  1. ਹੀਰ ਦੇ ਮਾਂ ਪਿਉ ਦੀ ਸਲਾਹ

ਮਲਕੀ ਆਖ਼ਦੀ ਚੂਚਕਾ ਬਣੀ ਔਖੀ, ਸਾਨੂੰ ਹੀਰ ਦਿਆਂ ਮਿਹਣਿਆਂ ਖੁਆਰ ਕੀਤਾ।

ਤਾਹਨੇ ਦੇਣ ਸ਼ਰੀਕ ਤੇ ਲੋਕ ਸਾਰੇ, ਚੌਤਰਫਿਉਂ ਖੁਆਰ ਸੰਸਾਰ ਕੀਤਾ।

ਵੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ, ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ।

ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ।

ਕੱਢ ਚਾਕ ਨੂੰ ਖੋਹ ਲੈ ਮਹੀਂ ਸੱਭੇ, ਅਸਾਂ ਚਾਕ ਥੋਂ ਜੀਉ ਬੇਜ਼ਾਰ ਕੀਤਾ।

ਇੱਕੇ ਧੀ ਨੂੰ ਚਾਘੜੇ ਡੋਬ ਕਰੀਏ, ਜਾਣੋ ਰਬ ਨੇ ਚਾ ਗੁਨਾਗਾਰ ਕੀਤਾ ।

ਝੱਬ ਵਿਆਹ ਕਰ ਧੀ ਨੂੰ ਕੱਢ ਦੇਸੋਂ, ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ।

ਵਾਰਿਸ ਸ਼ਾਹ ਨੂੰ ਹੀਰ ਫ਼ੁਆਰ ਕੀਤਾ, ਨਹੀਂ ਰੱਬ ਸੀ ਸਾਹਿਬ ਸਰਦਾਰ ਕੀਤਾ।

 

(ਚਾਘੜੇ=ਡੂੰਘੇ ਪਾਣੀ ਵਿਚ, ਬੇਜ਼ਾਰ=ਦੁਖੀ)

 

  1. ਚੂਚਕ

ਚੂਚਕ ਆਖਦਾ ਮਲਕੀਏ ਜੰਮਦੀ ਨੂੰ, ਗਲ ਘੁਟਕੇ ਕਾਹੇ ਨਾ ਮਾਰਿਉ ਈ ।

ਘੁੱਟੀ ਅੱਕ ਦੀ ਘੋਲ ਨਾ ਦਿੱਤੀਆ ਈ, ਉਹ ਅੱਜ ਸਵਾਬ ਨਿਤਾਰਿਉ ਈ।

ਮੰਝ ਡੂੰਘੜੇ ਵਹਿਣ ਨਾ ਬੋੜਿਆ ਈ, ਵੱਢ ਬੋੜ ਕੇ ਮੂਲ ਨਾ ਮਾਰਿਉ ਈ ।

ਵਾਰਿਸ ਸ਼ਾਹ ਖ਼ੁਦਾ ਦਾ ਖ਼ੌਫ਼ ਕੀਤੋ, ਕਾਰੂੰ ਵਾਂਗ ਨਾ ਜ਼ਿਮੀਂ ਨਿਘਾਰਿਉ ਈ ।

 

(ਖ਼ੌਫ਼=ਡਰ, ਕਾਰੂੰ=ਹਜ਼ਰਤ ਮੂਸਾ ਦੇ ਵੇਲੇ ਬਨੀ ਇਸਰਾਈਲ ਦਾ ਇੱਕ ਬਹੁਤ ਹੀ ਮਾਲਦਾਰ ਕੰਜੂਸ ਅਤੇ ਘੁਮੰਡੀ ਪੁਰਸ਼ ਸੀ, ਫਰਊਨ ਦੇ ਦਰਬਾਰ ਵਿੱਚ ਇਹਦਾ ਬਹੁਤ ਰਸੂਖ ਸੀ। ਇਹਦਾ ਨਾਂ ਵੱਡੇ ਖ਼ਜ਼ਾਨਿਆਂ ਨਾਲ ਜੋੜਿਆ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਇਹਦੇ ਖਜ਼ਾਨਿਆਂ ਦੀਆਂ ਚਾਬੀਆਂ ਚਾਲੀਊਠਾਂ ਤੇ ਲੱਦੀਆਂ ਜਾਂਦੀਆਂ ਸਨ । ਰੱਬ ਦੇ ਰਾਹ ਵਿੱਚ ਇੱਕ ਦਮੜੀ ਵੀ ਖਰਚ ਨਹੀਂ ਕਰਦਾ ਸੀ। ਅਖੀਰ ਰੱਬ ਦੇ ਕਹਿਰ ਨਾਲ ਸਣੇ ਮਾਲ ਧਨ ਧਰਤੀ ਵਿੱਚ ਹੀ ਧਸ ਗਿਆ)

13 / 96
Previous
Next