ਰਾਤੀ ਰਾਂਝੇ ਨੇ ਮਹੀ ਜਾਂ ਆਣ ਢੋਈਆਂ, ਚੂਚਕ ਸਿਆਲ ਮੱਥੇ ਵੱਟ ਪਾਇਆ ਈ।
ਭਾਈ ਛੱਡ ਮਹੀਂ ਉਠ ਜਾ ਘਰ ਨੂੰ, ਤੇਰਾ ਤੌਰ ਬੁਰਾ ਨਜ਼ਰ ਆਇਆ ਈ ।
ਸਿਆਲ ਕਹੇ ਭਾਈ ਸਾਡੇ ਕੰਮ ਨਾਹੀਂ, ਜਾਏ ਉਧਰੇ ਜਿਧਰੋਂ ਆਇਆ ਈ ।
ਅਸਾਂ ਸਾਨ੍ਹ ਨਾ ਰਖਿਆ ਨੱਢੀਆਂ ਦਾ, ਧੀਆਂ ਚਾਰਨੀਆਂ ਕਿਸ ਬਤਾਇਆ ਈ।
'ਇੱਤਕੱਵਾ ਮਵਾਜਿ ਅਤੁਹਮ’, ਵਾਰਿਸ ਸ਼ਾਹ ਇਹ ਧੁਰੋਂ ਫ਼ੁਰਮਾਇਆ ਈ।
(ਇੱਤਕੱਵਾ ਮਵਾਜਿ ਅਤੁਹਮ= ਤੁਹਮਤ ਵਾਲੀਆਂ ਥਾਵਾਂ ਤੋਂ ਬਚੋ)
'ਵੱਲੋ ਬਸਤ ਅਲਹੁ ਰਿਜ਼ਕ ਲਇਬਾਦਹ’, ਰੱਜ ਖਾਇਕੇ ਮਸਤੀਆਂ ਚਾਈਆਂ ਨੀ ।
'ਕੁਲੂ ਵਸ਼ਰਬੂ’ ਰੱਬ ਨੇ ਹੁਕਮ ਦਿੱਤਾ, ਨਹੀਂ ਮਸਤੀਆਂ ਲਿਖੀਆਂ ਆਈਆਂ ਨੀ ।
ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਨਿੱਤ ਖਾਣੀਆਂ ਦੁਧ ਮਲਾਈਆਂ ਨੀ ।
'ਵਮਾ ਮਿਨ ਦਆਬੱਤਨਿ ਫ਼ਿਲ ਅਰਜ਼’, ਇਹ ਆਇਤਾਂ ਧੁਰੋਂ ਫ਼ੁਰਮਾਈਆਂ ਨੀ ।
ਵਾਰਿਸ ਸ਼ਾਹ ਮੀਆਂ ਰਿਜ਼ਕ ਰੱਬ ਦੇਸੀ, ਇਹ ਲੈ ਸਾਂਭ ਮੱਝੀ ਘਰ ਆਈਆਂ ਨੀ ।
(ਵੱਲੋ ਬਸਤ ਅਲਹੁ ਰਿਜ਼ਕ =(ਕੁਰਾਨ ਮਜੀਦ ਵਿੱਚੋਂ) ਰੱਜ ਖਾਣ ਦੀਆਂ ਮਸਤੀਆਂ, ਕੁਲੂ ਵਸ਼ਰਬੂ... ਵਮਾ ਮਿਨ ਦਆਬੱਤਨਿ ਫ਼ਿਲ ਅਰਜ਼=ਹੋਰ ਨਹੀਂ ਹੈ, ਕੋਈ ਚਾਰ-ਪੈਰਾ ਜ਼ਮੀਨ ਉੱਤੇ)
ਰਾਂਝਾ ਸੱਟ ਖੂੰਡੀ ਉਤੋਂ ਲਾਹ ਭੂਰਾ, ਛੱਡ ਚਲਿਆ ਸਭ ਮੰਗਵਾੜ ਮੀਆਂ।
ਜੇਹਾ ਚੋਰ ਨੂੰ ਥੜੇ ਦਾ ਖੜਕ ਪਹੁੰਚੇ ਛੱਡ ਟੁਰੇ ਹੈ ਸੰਨ੍ਹ ਦਾ ਪਾੜ ਮੀਆਂ।
ਦਿਲ ਚਾਇਆ ਦੇਸ ਤੇ ਮੁਲਕ ਉਤੋਂ, ਉਹਦੇ ਭਾਇ ਦਾ ਬੋਲਿਆ ਹਾੜ ਮੀਆਂ।
ਤੇਰੀਆਂ ਖੋਲੀਆਂ ਚੋਰਾਂ ਦੇ ਮਿਲਣ ਸਭੇ, ਖੜੇ ਕੱਟੀਆਂ ਨੂੰ ਕਾਈ ਧਾੜ ਮੀਆਂ ।
ਮੈਨੂੰ ਮਝੀ ਦੀ ਕੁੱਝ ਪਰਵਾਹ ਨਾਹੀਂ, ਨੱਢੀ ਪਈ ਸੀ ਇੱਤ ਰਿਹਾੜ ਮੀਆਂ।
ਤੇਰੀ ਧੀ ਨੂੰ ਅਸੀਂ ਕੀ ਜਾਣਨੇ ਹਾਂ, ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ।
ਤੇਰੀਆਂ ਮੱਝਾਂ ਦੇ ਕਾਰਨੇ ਰਾਤ ਅੱਧੀ, ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ।
ਮੰਗੂ ਮਗਰ ਮੇਰੇ ਸਭੋ ਆਂਵਦਾ ਈ, ਮਝੀ ਆਪਣੀਆਂ ਮਹਿਰ ਜੀ ਤਾੜ ਮੀਆਂ।
ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ, ਸਹੀ ਕੀਤੋ ਈ ਕੋਈ ਕਿਰਾੜ ਮੀਆਂ ।
ਮਹੀਂ ਚਾਰਦੇ ਨੂੰ ਹੋ ਗਏ ਮਾਹ ਬਾਰਾਂ, ਅੱਜ ਉਠਿਆ ਅੰਦਰੋਂ ਸਾੜ ਮੀਆਂ।
ਵਹੀ ਖਤਰੀ ਦੀ ਰਹੀ ਖਤਰੀ ਤੇ, ਲੇਖਾ ਗਿਆ ਈ ਹੋਇ ਪਹਾੜ ਮੀਆਂ।
ਤੇਰੀ ਧੀ ਰਹੀ ਤੇਰੇ ਘਰੇ ਬੈਠੀ, ਝਾੜਾ ਮੁਫ਼ਤ ਦਾ ਲਿਆ ਈ ਝਾੜ ਮੀਆਂ।
ਹੱਟ ਭਰੇ ਭਕੁੰਨੇ ਨੂੰ ਸਾਂਭ ਲਿਆ, ਕੱਢ ਛੱਡਿਓ ਨੰਗ ਕਿਰਾੜ ਮੀਆਂ।
ਵਾਰਿਸ ਸ਼ਾਹ ਅੱਗੋਂ ਪੂਰੀ ਨਾ ਪਈਆ, ਪਿੱਛੋਂ ਆਇਆ ਸੈਂ ਪੜਤਣੇ ਪਾੜ ਮੀਆਂ ।
(ਮੰਗਵਾੜ=ਪਸ਼ੂਆਂ ਦਾ ਵਾੜਾ, ਥੜਾ=ਪਹਿਰੇ ਤੇ ਬੈਠਣ ਵਾਲੀ ਥਾਂ, ਹਾੜ ਬੋਲਣਾ = ਤਰਾਹ ਨਿਕਲ ਜਾਣਾ, ਖੋਲੀਆਂ=ਮਾਲ ਡੰਗਰ, ਰਿਹਾੜ= ਖਹਿੜੇ, ਤਾੜ ਲੈ=ਬੰਦ ਕਰ ਲੈ, ਚਰਾਈ ਘੁਟ ਬਹੇਂ=ਚਰਾਈ ਨਾ ਦੇਵੇਂ ,ਝਾੜਾ=ਨਫ਼ਾ, ਪੜਤਣੇ ਪਾੜ ਕੇ = ਰੁਕਾਵਟਾਂ ਚੀਰ ਕੇ)
ਮਝੀਂ ਚਰਨ ਨਾ ਬਾਝ ਰੰਝੇਟੜੇ ਦੇ, ਮਾਹੀ ਹੋਰ ਸਭੇ ਝਖ ਮਾਰ ਰਹੇ ।
ਕਾਈ ਘੁਸ ਜਾਏ ਕਾਈ ਡੁਬ ਜਾਏ, ਕਾਈ ਸੰਨ ਰਹੇ ਕਾਈ ਪਾਰ ਰਹੇ।
ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ, ਮਗਰ ਲਗ ਕੇ ਖੋਲੀਆਂ ਚਾਰ ਰਹੇ।
ਵਾਰਿਸ ਸ਼ਾਹ ਚੂਚਕ ਪਛੋਤਾਂਵਦਾ ਈ, ਮੰਗੂ ਨਾ ਛਿੜੇ, ਅਸੀਂ ਹਾਰ ਰਹੇ।
(ਸੰਨ=ਵਿਚਕਾਰ, ਖੁੰਮਾਂ=ਸਿੱਧੇ ਖੜ੍ਹੇ ਹੋ ਕੇ)
ਮਾਏ ਚਾਕ ਤਰਾਹਿਆ ਚਾਇ ਬਾਬੇ, ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ।
ਰੱਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ, ਕੋਈ ਓਸ ਦੇ ਰੱਬ ਨਾ ਤੁਸੀਂ ਹੋ ਨੀ ।
ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ, ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ।
ਵਾਰਿਸ ਸ਼ਾਹ ਔਲਾਦ ਨਾ ਮਾਲ ਰਹਿਸੀ, ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ ।
(ਤਰਾਹਿਆ=ਡਰਾ ਕੇ ਭਜਾ ਦਿੱਤਾ, ਬਾਬੇ=ਅੱਬਾ ਨੇ, ਬੁਸ ਬੁਸੀ=ਅੰਦਰ ਵਿਸ ਘੋਲਣਾ)
ਮਲਕੀ ਗੱਲ ਸੁਣਾਂਵਦੀ ਚੂਚਕੇ ਨੂੰ, ਲੋਕ ਬਹੁਤ ਦਿੰਦੇ ਬਦ ਦੁਆ ਮੀਆਂ ।
ਬਾਰਾਂ ਬਰਸ ਉਸ ਮਝੀਆਂ ਚਾਰੀਆਂ ਨੇ, ਨਹੀਂ ਕੀਤੀ ਸੂ ਚੂ ਚਰਾ ਮੀਆਂ ।
ਹੱਕ ਖੋਹ ਕੇ ਚਾ ਜਵਾਬ ਦਿੱਤਾ, ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ ।
ਪੈਰੀਂ ਲਗ ਕੇ ਜਾ ਮਨਾ ਉਸ ਨੂੰ, ਆਹ ਫ਼ੱਕਰ ਦੀ ਬੁਰੀ ਪੈ ਜਾ ਮੀਆਂ।
ਵਾਰਿਸ ਸ਼ਾਹ ਫ਼ਕੀਰ ਨੇ ਚੁਪ ਕੀਤੀ, ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ ।
(ਚੂੰ ਚਰਾ ਕਰਨੀ=ਨਾਂਹ ਨੁੱਕਰ ਕਰਨੀ, ਬਹਾਨੇ ਘੜਨੇ, ਦੇਗ ਲੁੜ੍ਹਾ=ਰੋੜ ਦੇਵੇਗੀ)
ਚੂਚਕ ਆਖਿਆ ਜਾਹ ਮਨਾ ਉਸਨੂੰ, ਵਿਆਹ ਤੀਕ ਤਾਂ ਮਹੀਂ ਚਰਾਇ ਲਈਏ ।
ਜਦੋਂ ਹੀਰ ਪਾ ਡੋਲੀ ਟੋਰ ਦੇਈਏ, ਰੂਸ ਪਵੇ ਜਵਾਬ ਤਾਂ ਚਾਇ ਦੇਈਏ।
ਸਾਡੀ ਧੀਉ ਦਾ ਕੁੱਝ ਨਾ ਲਾਹ ਲੈਂਦਾ, ਸਭ ਟਹਿਲ ਟਕੋਰ ਕਰਾਇ ਲਈਏ ।
ਵਾਰਿਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ, ਜਟਕਾ ਫੰਦ ਏਥੇ ਹਿਕ ਲਾਇ ਲਈਏ।
(ਟਹਿਲ ਟਕੋਰ=ਸੇਵਾ)