ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ, ਜਿਹੜਾ ਜਿਹੜਾ ਸੀ ਭਾਈਆਂ ਸਾਂਵਿਆਂ ਦਾ ।
ਸਾਡੇ ਮਾਹੀ ਦੀ ਖ਼ਬਰ ਹੈ ਕਿਤੇ ਅੜਿਉ, ਕਿਧਰ ਮਾਰਿਆ ਗਿਆ ਪਛਤਾਵਿਆਂ ਦਾ ।
ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ, ਰੰਗ ਧੋਵੇ ਪਲੰਘ ਦੇ ਪਾਵਿਆਂ ਦਾ ।
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ, ਇਹ ਜੇ ਪਿਆ ਸਰਦਾਰ ਨਿਥਾਵਿਆਂ ਦਾ ।
ਸਿਰ ਪਟੇ ਸਫ਼ਾ ਕਰ ਹੋ ਰਹਿਆ, ਜੇਹਾ ਬਾਲਕਾ ਮੁੰਨਿਆਂ ਬਾਵਿਆਂ ਦਾ ।
ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਉਭੇ ਸਾਹ ਭਰਦਾ ਮਾਰਾ ਹਾਵਿਆਂ ਦਾ ।
(ਸਾਂਵੇ ਭਾਈ=ਬਰਾਬਰ ਦੇ ਭਾਈ, ਸੱਥਰ=ਧਰਤੀ ਉੱਤੇ ਘਾਹ ਫੂਸ ਦਾ ਬਣਾਇਆ ਬਿਸਤਰਾ, ਉਭੇ ਸਾਹ ਭਰਦਾ=ਠੰਡੇ ਸਾਹ ਲੈਂਦਾ)
ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ, ਕੋਈ ਸਖ਼ਨ ਨਾ ਜੀਊ ਤੇ ਲਿਆਵਣਾ ਈ ।
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ, ਤੁਸਾਂ ਖੱਟਣਾ ਤੇ ਅਸਾਂ ਖਾਵਣਾ ਈ ।
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ, ਸ਼ਾਮੇ ਸ਼ਾਮ ਰਾਤੀਂ ਘਰੀਂ ਆਵਣਾ ਈ ।
ਤੂੰ ਹੀ ਚੋਇਕੇ ਦੁਧ ਜਮਾਵਣਾ ਈ, ਤੂੰ ਹੀ ਹੀਰ ਦਾ ਪਲੰਘ ਵਿਛਾਵਣਾ ਈ ।
ਕੁੜੀ ਕਲ੍ਹ ਦੀ ਤੇਰੇ ਤੋਂ ਰੁਸ ਬੈਠੀ, ਤੂੰ ਹੀ ਓਸ ਨੂੰ ਆਇ ਮਨਾਵਣਾ ਈ ।
ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਤੇ ਨਾਲੇ ਖਾਵਣਾ ਈ ।
ਮੰਗੂ ਛੇੜ ਕੇ ਝੱਲ ਵਿੱਚ ਮੀਆਂ ਵਾਰਿਸ, ਅਸਾਂ ਤਖਤ ਹਜ਼ਾਰੇ ਨਾ ਜਾਵਣਾ ਈ ।
ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ, ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ।
ਮੀਆਂ ਮੰਨ ਲਏ ਓਸ ਦੇ ਆਖਣੇ ਨੂੰ, ਤੇਰੀ ਹੀਰ ਪਿਆਰੀ ਦੀ ਅੰਮੜੀ ਹੈ।
ਕੀ ਜਾਈਏ ਉੱਠ ਕਿਸ ਘੜੀ ਬਹਿਸੀ, ਅਜੇ ਵਿਆਹ ਦੀ ਵਿੱਥ ਤਾਂ ਲੰਮੜੀ ਹੈ।
ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਕਿਸੇ ਪੱਲੇ ਨਹੀਂ ਬੱਧੜੀ ਦੰਮੜੀ ਹੈ।
ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ, ਛੇੜ ਮੱਝੀਆਂ ਝੱਲ ਨੂੰ ਆਂਵਦਾ ਹੈ।
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ, ਆਪ ਨਹਾਇਕੇ ਰੱਬ ਧਿਆਂਵਦਾ ਹੈ ।
ਹੀਰ ਸੱਤੂਆਂ ਦਾ ਮਗਰ ਘੋਲ ਛੰਨਾ, ਵੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਹੈ।
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ, ਹਥ ਬੰਨ੍ਹ ਸਲਾਮ ਕਰਾਂਵਦਾ ਹੈ ।
ਰਾਂਝਾ ਹੀਰ ਦੋਵੇਂ ਹੋਏ ਆਣ ਹਾਜ਼ਰ, ਅੱਗੋਂ ਪੀਰ ਹੁਣ ਇਹ ਫਰਮਾਂਵਦਾ ਹੈ।
(ਝਾਂਗੜੇ=ਜੰਗਲ, ਦਰਖਤਾਂ ਦਾ ਝੁੰਡ, ਝਿੜੀ)
ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ, ਨਾਹੀਂ ਇਸ਼ਕ ਨੂੰ ਲੀਕ ਲਗਾਵਣਾ ਈ ।
ਬੱਚਾ ਖਾ ਚੂਰੀ ਚੋਏ ਮਝ ਬੂਰੀ, ਜ਼ਰਾ ਜਿਉ ਨੂੰ ਨਹੀਂ ਵਲਾਵਣਾ ਈ ।
ਅੱਠੇ ਪਹਿਰ ਖ਼ੁਦਾਇ ਦੀ ਯਾਦ ਅੰਦਰ, ਤੁਸਾਂ ਜ਼ਿਕਰ ਤੇ ਖੈਰ ਕਮਾਵਣਾ ਈ ।
ਵਾਰਿਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਇਸ਼ਕ ਤੋਂ ਨਹੀਂ ਡੁਲਾਵਣਾ ਈ ।
(ਵਲਾਵਣਾ=ਅਸਲ ਕੰਮ ਤੋਂ ਧਿਆਨ ਪਾਸੇ ਕਰਨਾ)
ਹੀਰ ਵੱਤ ਕੇ ਬੇਲਿਉਂ ਘਰੀਂ ਆਈ, ਮਾਂ ਬਾਪ ਕਾਜ਼ੀ ਸੱਦ ਲਿਆਉਂਦੇ ਨੇ ।
ਦੋਵੇ ਆਪ ਬੈਠੇ ਅਤੇ ਵਿੱਚ ਕਾਜ਼ੀ, ਅਤੇ ਸਾਹਮਣੇ ਹੀਰ ਬਹਾਉਂਦੇ ਨੇ ।
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ, ਮਿੱਠੀ ਨਾਲ ਜ਼ਬਾਨ ਸਮਝਾਉਂਦੇ ਨੇ ।
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ, ਇਹ ਮਿਹਨਤੀ ਕਿਹੜੇ ਥਾਉਂ ਦੇ ਨੇ ।
ਤ੍ਰਿੰਞਣ ਜੋੜ ਕੇ ਆਪਣੇ ਘਰੀਂ ਬਹੀਏ, ਸੁਘੜ ਗਾਉਂ ਕੇ ਜੀਉ ਪਰਚਾਉਂਦੇ ਨੇ ।
ਲਾਲ ਚਰਖੜਾ ਡਾਹ ਕੇ ਛੋਪ ਪਾਈਏ, ਕੇਹੇ ਸੁਹਣੇ ਗੀਤ ਝਨਾਉਂ ਦੇ ਨੇ ।
ਨੀਵੀਂ ਨਜਰ ਹਿਆ ਦੇ ਨਾਲ ਰਹੀਏ, ਤੈਨੂੰ ਸਭ ਸਿਆਣੇ ਫ਼ਰਮਾਉਂਦੇ ਨੇ ।
ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਇਹ ਪੰਜ ਗਰਾਉਂ ਦੇ ਨੇ ।
ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ, ਬਾਲਾ ਸ਼ਾਨ ਇਹ ਜਟ ਸਦਾਉਂਦੇ ਨੇ ।
ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ, ਅੱਜ ਕਲ੍ਹ ਲਾਗੀ ਘਰ ਆਉਂਦੇ ਨੇ ।
ਏਥੇ ਵਿਆਹ ਦੇ ਵੱਡੇ ਸਾਮਾਨ ਹੋਏ, ਖੇੜੇ ਪਏ ਬਣਾ ਬਣਾਉਂਦੇ ਨੇ ।
ਵਾਰਿਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਜੋੜ ਕੇ ਜੰਜ ਲੈ ਆਉਂਦੇ ਨੇ ।
(ਛੋਪ= ਕੱਤਣ ਲਈ ਪਾਏ ਪੂਣੀਆਂ ਦੇ ਜੋਟੇ, ਬਾਲਾ ਸ਼ਾਨ=ਉੱਚੀ ਸ਼ਾਨ)
ਹੀਰ ਆਖਦੀ ਬਾਬਲਾ ਅਮਲੀਆਂ ਤੋਂ, ਨਹੀਂ ਅਮਲ ਹਟਾਇਆ ਜਾਇ ਮੀਆਂ ।
ਜਿਹੜੀਆਂ ਵਾਦੀਆਂ ਆਦਿ ਦੀਆਂ ਜਾਣ ਨਾਹੀਂ, ਰਾਂਝੇ ਚਾਕ ਤੋਂ ਰਹਿਆ ਨਾ ਜਾਇ ਮੀਆਂ ।
ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ, ਝੁਟ ਨਾਲ ਉਹ ਰਿਜ਼ਕ ਕਮਾਇ ਮੀਆਂ।
ਇਹ ਰਜ਼ਾ ਤਕਦੀਰ ਹੋ ਰਹੀ ਵਾਰਿਦ, ਕੌਣ ਹੋਵਣੀ ਦੇ ਹਟਾਇ ਮੀਆਂ।
ਦਾਗ਼ ਅੰਬ ਤੇ ਸਾਰ ਦਾ ਲਹੇ ਨਾਹੀਂ, ਦਾਗ਼ ਇਸ਼ਕ ਦਾ ਭੀ ਨਾ ਜਾਇ ਮੀਆਂ ।
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ, ਚਾਕ ਬਖਸ਼ਿਆ ਆਪ ਖੁਦਾਇ ਮੀਆਂ।
ਹੋਰ ਸਭ ਗੱਲਾਂ ਮੰਜੂਰ ਹੋਈਆਂ, ਰਾਂਝੇ ਚਾਕ ਥੀਂ ਰਹਿਆ ਨਾ ਜਾਇ ਮੀਆਂ ।
ਏਸ ਇਸ਼ਕ ਦੇ ਰੋਗ ਦੀ ਗੱਲ ਏਵੇਂ, ਸਿਰ ਜਾਏ ਤੇ ਇਹ ਨਾ ਜਾਇ ਮੀਆਂ ।
ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ, ਬਾਰਾਂ ਬਰਸ ਬਿਨਾਂ ਨਾਹੀਂ ਜਾਇ ਮੀਆਂ।
(ਵਾਦੀਆਂ=ਆਦਤਾਂ, ਆਦਿ=ਮੁਢ ਕਦੀਮ ਦੀਆਂ, ਝੁੱਟ=ਪੰਜੇ ਦਾ ਤਿੱਖਾ ਹੱਲਾ, ਵਾਰਿਦ ਹੋ ਰਹੀ = ਵਾਪਰ ਰਹੀ, ਸਾਰ=ਲੋਹਾ)
ਇਹਦੇ ਵਢ ਲੁੜ੍ਹਕੇ ਖੋਹ ਚੂੰਡਿਆਂ ਥੋਂ, ਗਲ ਘੁਟ ਕੇ ਡੂੰਘੜੇ ਬੋੜੀਏ ਨੀ ।
ਸਿਰ ਭੰਨ ਸੂ ਨਾਲ ਮਧਾਣੀਆਂ ਦੇ, ਢੁਈਂ ਨਾਲ ਖੜਲੱਤ ਦੇ ਤੋੜੀਏ ਨੀ ।
ਇਹਦਾ ਦਾਤਰੀ ਨਾਲ ਚਾ ਢਿਡ ਪਾੜੋ, ਸੂਆ ਅੱਖੀਆਂ ਦੇ ਵਿੱਚ ਪੋੜੀਏ ਨੀ।
ਵਾਰਿਸ ਚਾਕ ਤੋਂ ਇਹ ਨਾ ਮੁੜੇ ਮੂਲੇ, ਅਸੀਂ ਰਹੇ ਬਹੁਤੇਰੜਾ ਹੋੜੀਏ ਨੀ ।
(ਲੁੜ੍ਹਕੇ=ਕੰਨਾਂ ਦੇ ਗਹਿਣੇ, ਚੁੰਡਿਆਂ=ਸਿਰ ਦੇ ਵਾਲ, ਖੜਲੱਤ=ਦਰਵਾਜ਼ੇ ਦੀ ਸਾਖ, ਪੋੜਨਾ=ਗੱਡਣਾ,ਖੋਭ ਦੇਣੇ)