ਸਿਰ ਬੇਟੀਆਂ ਦੇ ਚਾਇ ਜੁਦਾ ਕਰਦੇ, ਜਦੋਂ ਗੁੱਸਿਆਂ ਤੇ ਬਾਪ ਆਂਵਦੇ ਨੇ ।
ਸਿਰ ਵਢ ਕੇ ਨਈਂ ਵਿੱਚ ਰੋੜ੍ਹ ਦਿੰਦੇ, ਮਾਸ ਕਾਉਂ ਕੁੱਤੇ ਬਿੱਲੇ ਖਾਂਵਦੇ ਨੇ ।
ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ, ਕਈ ਡੂਮ ਢਾਡੀ ਪਏ ਗਾਂਵਦੇ ਨੇ ।
ਔਲਾਦ ਜਿਹੜੀ ਕਹੇ ਨਾ ਲੱਗੇ, ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ ।
ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ, ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ ।
ਵਾਰਿਸ ਸ਼ਾਹ ਜੇ ਮਾਰੀਏ ਬਦਾਂ ਤਾਈਂ, ਦੇਣੇ ਖੂਨ ਨਾ ਤਿਨਾਂ ਦੇ ਆਂਵਦੇ ਨੇ ।
(ਘੁਟ=ਗਲ ਘੁਟ ਕੇ, ਲੰਘਾਵਨਾ= ਮਾਰ ਦੇਣਾ, ਪਾਰ ਬੁਲਾ ਦੇਣਾ, ਸੱਸੀ ਜਾਮ ਜਲਾਲੀ=ਸਿੰਧ ਦੇ ਪੁਰਾਣੇ ਸ਼ਹਿਰ ਭੰਬੋਰ ਦੇ ਬਾਦਸ਼ਾਹ ਜਾਮ ਜਲਾਲੀ ਦੀ ਪੁਤਰੀ ਸੱਸੀ ਸੀ । ਉਸਦੇ ਜੰਮਣ ਤੇ ਨਜੂਮੀਆਂ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਇਸ਼ਕ ਕਰਕੇ ਬਾਦਸ਼ਾਹ ਦੀ ਬਦਨਾਮੀ ਕਰੇਗੀ। ਇਸ ਤੋਂ ਬਚਣ ਲਈ ਜਾਮ ਜਲਾਲੀ ਨੇ ਸੱਸੀ ਨੂੰ ਜੰਮਦਿਆਂ ਹੀ ਇੱਕ ਸੰਦੂਕ ਵਿੱਚ ਪਾਕੇ ਨਦੀ ਵਿੱਚ ਰੋੜ੍ਹ ਦਿੱਤਾ । ਉਸ ਨੂੰ ਇੱਕ ਬੇਔਲਾਦ ਧੋਬੀ ਅੱਤੇ ਨੇ ਪਾਲ ਲਿਆ ।ਇਹੋ ਲੜਕੀ ਕੀਚਮ ਮਕਰਾਨ ਦੇ ਰਾਜਕੁਮਾਰ ਪੁੰਨੂੰ ਦੇ ਇਸ਼ਕ ਵਿੱਚ ਉਹਨੂੰ ਵਾਜਾਂ ਮਾਰਦੀ ਰੇਤ ਵਿੱਚ ਭੁੱਜ ਕੇ ਮਰ ਗਈ)
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ, ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ ।
ਮਿਲਣ ਖਾਣੀਆਂ ਤਿਨ੍ਹਾਂ ਨੂੰ ਫਾੜ ਕਰਕੇ, ਜੀਕੂ ਮਾਰੀਆਂ ਜੇ ਤਿਵੇਂ ਖਾ ਮਾਏ ।
ਕਹੇ ਮਾਉਂ ਤੇ ਬਾਪ ਦੇ ਅਸਾਂ ਮੰਨੇ, ਗਲ ਪੱਲੂੜਾ ਤੇ ਮੂੰਹ ਘਾਹ ਮਾਏ ।
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ, ਓਹਦਾ ਹੀਰ ਦੇ ਨਾਲ ਨਿਬਾਹ ਮਾਏਂ ।
(ਪੱਲੂੜਾ=ਪੱਲਾ)
ਸੁਲਤਾਨ ਭਾਈ ਆਇਆ ਹੀਰ ਸੰਦਾ, ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ ।
ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ, ਸੁੱਟਾਂ ਏਸ ਨੂੰ ਜਾਨ ਥੀਂ ਮਾਰ ਅੰਮਾਂ ।
ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ, ਫੇਰਾਂ ਏਸ ਦੀ ਧੌਣ ਤਲਵਾਰ ਅੰਮਾਂ ।
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ, ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ ।
ਜੇ ਧੀ ਨਾ ਹੁਕਮ ਵਿੱਚ ਰੱਖਿਆ ਈ, ਸਭ ਸਾੜ ਸੱਟੂ ਘਰ ਬਾਰ ਅੰਮਾਂ ।
ਵਾਰਿਸ ਸ਼ਾਹ ਜਿਹੜੀ ਧੀਉ ਬੁਰੀ ਹੋਵੇ, ਦੇਈਏ ਰੋੜ ਸਮੁੰਦਰੋਂ ਪਾਰ ਅੰਮਾਂ ।
(ਹੀਰ ਸੰਦਾ=ਹੀਰ ਦਾ, ਸਤਰ=ਪਰਦਾ)
ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ, ਬੀਬਾ ਵਾਰ ਘੱਤੀ ਬਲਹਾਰੀਆਂ ਵੇ।
ਵਹਿਣ ਪਏ ਦਰਿਆ ਨਾ ਕਦੀ ਮੁੜਦੇ, ਵੱਡੇ ਲਾਇ ਰਹੇ ਜ਼ੋਰ ਜ਼ਾਰੀਆਂ ਵੇ ।
ਲਹੂ ਨਿਕਲਣੋ ਰਹੇ ਨਾ ਮੂਲ ਵੀਰਾ, ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ ।
ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਣ, ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ ।
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ, ਏਹ ਨਹੀਂ ਸੁਖਾਲੀਆਂ ਯਾਰੀਆਂ ਵੇ ।
ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੇ, ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵੇ।
ਕਾਜ਼ੀ ਆਖਿਆ ਖ਼ੌਫ਼ ਖ਼ੁਦਾਇ ਦਾ ਕਰ, ਮਾਪੇ ਜਿੱਦ ਚੜ੍ਹੇ ਚਾਇ ਮਾਰਨੀਗੇ।
ਤੇਰੀ ਕਿਆੜੀਉਂ ਜੀਭ ਖਿਚਾ ਕੱਢਣ, ਮਾਰੇ ਸ਼ਰਮ ਦੇ ਖੂਨ ਗੁਜ਼ਾਰਨੀਗੇ ।
ਜਿਸ ਵਕਤ ਅਸਾਂ ਦਿੱਤਾ ਚਾ ਫ਼ਤਵਾ, ਓਸ ਵਕਤ ਹੀ ਪਾਰ ਉਤਾਰਨੀਗੇ।
ਮਾਂ ਆਖਦੀ ਲੋੜ੍ਹ ਖੁਦਾਇ ਦਾ ਜੇ, ਤਿੱਖੇ ਸ਼ੋਖ ਦੀਦੇ ਵੇਖ ਪਾੜਨੀਗੇ।
ਵਾਰਿਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ, ਨਹੀਂ ਅੱਗ ਦੇ ਵਿੱਚ ਨਿਘਾਰਨੀਗੇ।
(ਕਿਆੜੀ=ਜੜ੍ਹੋਂ, ਤਰਕ ਕਰ=ਛੱਡ ਦੇ, ਨਿਘਾਰਨਾ=ਸੁੱਟਣਾ)
ਪੰਜਾਂ ਪੀਰਾਂ ਨੂੰ ਰਾਂਝਣੇ ਯਾਦ ਕੀਤਾ, ਜਦੋਂ ਹੀਰ ਸੁਨੇਹੜਾ ਘੱਲਿਆ ਈ ।
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ, ਗਿਲਾ ਸਭਨਾ ਦਾ ਅਸਾਂ ਝੱਲਿਆ ਈ ।
ਆਏ ਪੀਰ ਪੰਜੇ ਅੱਗੇ ਹਥ ਜੋੜੇ, ਨੀਰ ਰੋਂਦਿਆਂ ਮੂਲ ਨਾਲ ਠੱਲ੍ਹਿਆ ਈ ।
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ, ਵਿੱਚੋਂ ਜਿਉ ਸਾਡਾ ਥਰਥੱਲਿਆ ਈ।
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ, ਕਾਜ਼ੀ ਮਾਉਂ ਤੇ ਬਾਪ ਪਥੱਲਿਆ ਈ ।
ਮਦਦ ਕਰੋ ਖੁਦਾਇ ਦੇ ਵਾਸਤੇ ਜੀ, ਮੇਰਾ ਇਸ਼ਕ ਖ਼ਰਾਬ ਹੋ ਚੱਲਿਆ ਈ ।
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ, ਮੀਏ ਰਾਂਝੇ ਦਾ ਜੀਉ ਤਸੱਲਿਆ ਈ।
ਤੇਰੀ ਹੀਰ ਦੀ ਮੱਦਤੇ ਮੀਆਂ ਰਾਂਝਾ, ਮਖਦੂਮ ਜਹਾਨੀਆਂ ਘੱਲਿਆ ਈ ।
ਦੋ ਸੱਦ ਸੁਣਾ ਖਾਂ ਵੰਝਲੀ ਦੇ, ਸਾਡਾ ਗਾਵਣੇ ਤੇ ਜੀਉ ਚੱਲਿਆ ਈ ।
ਵਾਰਿਸ ਸ਼ਾਹ ਅੱਗੇ ਜਟ ਗਾਂਵਦਾ ਈ. ਵੇਖੋ ਰਾਗ ਸੁਣ ਕੇ ਜੀਉ ਹੱਲਿਆ ਈ ।
(ਪਥੱਲਿਆ=ਉਲੱਦ ਦਿੱਤਾ,ਤੰਗ ਕੀਤਾ, ਤਸੱਲਿਆ=ਤਸੱਲੀ ਦਿੱਤੀ ਸੱਦ=ਬੋਲ, ਗੀਤ, ਜੀਉ ਚੱਲਿਆ=ਦਿਲ ਚਾਹੁੰਦਾ, ਜੀਉ ਹੱਲਿਆ=ਰੂਹ ਕੰਬ ਗਈ)
ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ, ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ ।
ਕਦੀ ਊਧੋ ਤੇ ਕਾਨ੍ਹ ਦੇ ਬਿਸ਼ਨਪਦੇ, ਕਦੇ ਮਾਝ ਪਹਾੜੀ ਦੀ ਲਾਂਵਦਾ ਏ ।
ਕਦੀ ਢੋਲ ਤੇ ਮਾਰਵਣ ਛੋਹ ਦਿੰਦਾ, ਕਦੀ ਬੂਬਨਾ ਚਾਇ ਸੁਣਾਂਵਦਾ ਏ ।
ਮਲਕੀ ਨਾਲ ਜਲਾਲੀ ਨੂੰ ਖੂਬ ਗਾਵੇ, ਵਿੱਚ ਡਿਊਰੀ ਦੀ ਕਲੀ ਲਾਂਵਦਾ ਏ।
ਕਦੀ ਸੋਹਣੀ ਤੇ ਮਹੀਂਵਾਲ ਵਾਲੇ, ਨਾਲ ਸ਼ੌਕ ਦੇ ਸੱਦ ਸੁਣਾਂਵਦਾ ਏ।
ਕਦੀ ਧੁਰਪਦਾਂ ਨਾਲ ਕਬਿਤ ਛੋਹੇ, ਕਦੀ ਸੋਹਲੇ ਨਾਲ ਰਲਾਂਵਦਾ ਏ ।
ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ, ਰਾਗ ਸੂਹੀ ਦਾ ਭੋਗ ਚਾ ਪਾਂਵਦਾ ਏ ।
ਸੋਰਠ ਗੁਜਰੀਆਂ ਪੂਰਬੀ ਲਲਿਤ ਭੈਰੋਂ, ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ।
ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ, ਜੈਤਸਰੀ ਭੀ ਨਾਲ ਰਲਾਂਵਦਾ ਏ ।
ਮਾਲਸਰੀ ਤੇ ਪਰਜ ਬਿਹਾਗ ਬੋਲੇ, ਨਾਲ ਮਾਰਵਾ ਵਿੱਚ ਵਜਾਵੰਦਾ ਏ ।
ਕੇਦਾਰਾ ਬਿਹਾਗੜਾ ਤੇ ਰਾਗ ਮਾਰੂ, ਨਾਲੇ ਕਾਨੜੇ ਦੇ ਸੁਰ ਲਾਂਵਦਾ ਏ ।
ਕਲਿਆਨ ਦੇ ਨਾਲ ਮਾਲਕੌਸ ਬੋਲੇ, ਅਤੇ ਮੰਗਲਾਚਾਰ ਸੁਣਾਂਵਦਾ ਏ ।
ਭੈਰੋਂ ਨਾਲ ਪਲਾਸੀਆਂ ਭੀਮ ਬੋਲੇ, ਨਟ ਰਾਗ ਦੀ ਜ਼ੀਲ ਵਜਾਂਵਦਾ ਏ ।
ਬਰਵਾ ਨਾਲ ਪਹਾੜ ਝੰਝੋਟੀਆਂ ਦੇ, ਹੋਰੀ ਨਾਲ ਆਸਾਖੜਾ ਗਾਂਵਦਾ ਏ ।
ਬੋਲੇ ਰਾਗ ਬਸੰਤ ਹਿੰਡੋਲ ਗੋਪੀ, ਮੁੰਦਾਵਣੀ ਦੀਆਂ ਸੁਰਾਂ ਲਾਂਵਦਾ ਏ ।
ਪਲਾਸੀ ਨਾਲ ਤਰਾਨਿਆਂ ਰਾਮਕਲੀ, ਵਾਰਿਸ ਸ਼ਾਹ ਨੂੰ ਖੜਾ ਸੁਣਾਂਵਦਾ ਏ ।