Back ArrowLogo
Info
Profile

(ਬਿਸ਼ਨ ਪਦੇ=ਸਿਫ਼ਤ ਦੇ ਗੀਤ, ਧੁਰ ਪਦ=ਸ਼ੁਰੂ ਹੋਣ ਦਾ ਪੈਰ, ਸੁਹਲਾ= ਸੋਲ੍ਹਾਂ (16) ਅੰਗ ਦਾ ਕਬਿਤ, ਮਾਲਕੌਂਸ=ਇੱਕ ਰਾਗ ਦਾ ਨਾਮ, ਮੰਗਲਾ ਚਾਰ=ਬੰਦਨਾਂ ਦੇ ਸ਼ਬਦ ,ਹਿੰਡੋਲ ਗੋਪੀ= ਝੂਲੇ ਦਾ ਗੀਤ, ਪਲਾਸੀਆਂ ਭੀਮ= ਭੀਮ ਪਲਾਸੀ,ਇੱਕ ਰਾਗ, ਕਲੀ = ਸ਼ਿਆਰ ਦਾ ਇੱਕ ਹਿੱਸਾ, ਹੋਰੀ=ਹੋਲੀ, ਮੁੰਦਾਵਨੀ=ਅੰਤਲਾ ਗੀਤ, ਸਾਰੰਗ=ਦੁਪਹਿਰ ਵੇਲੇ ਗਾਇਆ ਜਾਣ ਵਾਲਾ ਕਲਾਸਕੀ ਰਾਗ, ਰਾਗ ਸੂਹੀ=ਰਗ ਦਾ ਇੱਕ ਭੇਦ, ਸੋਰਠ=ਸੁਰਾਸ਼ਟਰ ਦੇਸ ਦੀ ਰਾਗਨੀ, ਗੁਜਰੀ=ਗੁਜਰਾਤ ਦੇਸ਼ ਦੀ ਰਾਗਨੀ, ਪੂਰਬੀ = ਇੱਕ ਰਾਗਨੀ ਜਿਹੜੀ ਦਿਨ ਦੇ ਤੀਜੇ ਪਹਿਰ ਗਾਈ ਜਾਂਦੀ ਹੈ, ਲਲਿਤ=ਇੱਕ ਰਾਗਨੀ, ਭੈਰਵ=ਇੱਕ ਰਾਗ ਜਿਹੜਾ ਡਰ ਪੈਦਾ ਕਰਦਾ ਹੈ, ਦੀਪਕ ਰਾਗ=ਇੱਕ ਰਾਗ ਜਿਸ ਦੇ ਗਾਇਆਂ ਅੱਗ ਲੱਗ ਜਾਂਦੀ ਹੈ ਇਸ ਪਿੱਛੋਂ ਮਲ੍ਹਾਰ ਗਾਉਣਾ ਜ਼ਰੂਰੀ ਹੈ, ਮੇਘ = ਬਰਸਾਤ ਦੇ ਦਿਨਾਂ ਦਾ ਰਾਗ ਜੋ ਰਾਤ ਦੇ ਪਿਛਲੇ ਪਹਿਰ ਗਾਇਆ ਜਾਂਦਾ ਹੈ, ਕਹਿੰਦੇ ਹਨ ਕਿ ਇਹ ਰਾਗ ਬ੍ਰਹਮਾ ਦੇ ਸਿਰ ਵਿੱਚੋਂ ਨਿਕਲਿਆ ਹੈ, ਮਲ੍ਹਾਰ=ਸਾਵਣ ਮਾਹ ਵਿੱਚ ਗਾਈ ਜਾਣ ਵਾਲੀ ਰਾਗਨੀ ਧਨਾਸਰੀ=ਇੱਕ ਰਾਗਨੀ, ਜੈਤਸਰੀ=ਰਾਗ, ਮਾਲਸਰੀ =ਇੱਕ ਰਾਗਨੀ, ਬਸੰਤ=ਇੱਕ ਰਾਗ, ਰਾਮ ਕਲੀ=ਇੱਕ ਰਾਗਨੀ, ਮਲਕੀ= ਅਕਬਰ ਬਾਦਸ਼ਾਹ ਦੇ ਜ਼ਮਾਨੇ ਦਾ ਮਸ਼ਹੂਰ ਕਿੱਸਾ, ਕੀਮਾ ਮਲਕੀ ਸਿੰਧ ਅਤੇ ਪੱਛਮੀ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ. ਜਲਾਲੀ = (ਜਲਾਲੀ ਅਤੇ ਰੋਡਾ) ਮੁਲਤਾਨ ਦੇ ਲਾਗੇ ਤਲਹਿ ਪਿੰਡ ਦੇ ਲੁਹਾਰ ਦੀ ਬੇਟੀ, ਜਿਹੜੀ ਬਹੁਤ ਸੁੰਦਰ ਅਤੇ ਅਕਲ ਵਾਲੀ ਸੀ । ਬਲਖ ਦਾ ਇੱਕ ਨੌਜਵਾਨ ਅਲੀ ਗੌਹਰ ਉਹਦੀ ਸੁੰਦਰਤਾ ਨੂੰ ਸਪਨੇ ਵਿੱਚ ਦੇਖ ਕੇ ਉਹਦੀ ਭਾਲ ਵਿੱਚ ਫ਼ਕੀਰ ਬਣ ਕੇ ਨਿਕਲ ਪਿਆ ।ਇਹਨੇ ਆਪਣੇ ਸਾਰੇ ਵਾਲ ਮੁਨਾ ਦਿੱਤੇ ਇਸ ਲਈ ਉਹਨੂੰ ਰੋਡਾ ਕਹਿੰਦੇ ਹਨ ।ਜਦੋਂ ਇਹ ਜਲਾਲੀ ਦੇ ਪਿੰਡ ਪਹੁੰਚਾ ਤਾਂ ਉਹ ਖੂਹ ਤੇ ਪਾਣੀ ਭਰਦੀ ਸੀ ।ਫੇਰ ਮੁਲਾਕਾਤਾਂ ਵਧ ਗਈਆਂ ।ਜਲਾਲੀ ਉਤੇ ਘਰ ਵਾਲਿਆਂ ਨੇ ਪਾਬੰਦੀ ਲਾ ਦਿੱਤੀ ।ਉਹ ਆਪ ਉਹਨੂੰ ਮਿਲਣ ਚਲਾ ਗਿਆ । ਸਜ਼ਾ ਦੇ ਤੌਰ ਤੇ ਰੋਡੇ ਨੂੰ ਨਦੀ ਵਿੱਚ ਸੁੱਟ ਦਿੱਤਾ ।ਓਥੋਂ ਉਹ ਬਚ ਕੇ ਨਿਕਲ ਆਇਆ । ਜਦੋਂ ਜਲਾਲੀ ਦਾ ਵਿਆਹ ਹੋਣ ਲੱਗਾ ਤਾਂ ਉਹ ਉਹਨੂੰ ਭਜਾ ਕੇ ਲੈ ਗਿਆ ।ਪੱਤਣ ਤੇ ਦਰਿਆ ਪਾਰ ਕਰਨ ਲੱਗਾ ਸੀ ਕਿ ਫੜਿਆ ਗਿਆ।ਲੁਹਾਰਾਂ ਨੇ ਉਹਦੇ ਟੋਟੇ ਕਰਕੇ ਨਦੀ ਵਿੱਚ ਰੋੜ ਦਿੱਤਾ ਅਤੇ ਜਲਾਲੀ ਇਸੇ ਸਦਮੇ ਨਾਲ ਮਰ ਗਈ)

 

  1. ਪੀਰਾਂ ਦਾ ਰਾਂਝੇ ਤੇ ਖੁਸ਼ ਹੋਣਾ

ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ, ਬੱਚਾ ਮੰਗ ਲੈ ਦੁਆ ਜੋ ਮੰਗਣੀ ਹੈ।

ਅਜੀ ਹੀਰ ਜੱਟੀ ਮੈਨੂੰ ਬਖਸ਼ ਦੇਵੋ, ਰੰਗਣ ਸ਼ੌਕ ਦੇ ਵਿੱਚ ਜੋ ਰੰਗਣੀ ਹੈ।

ਤੈਨੂੰ ਲਾਏ ਭਬੂਤ ਮਲੰਗ ਕਰੀਏ, ਬੱਚਾ ਓਹ ਵੀ ਤੇਰੀ ਮਲੰਗਣੀ ਹੈ।

ਜੇਹੇ ਨਾਲ ਰਲੀ ਤੇਹੀ ਹੋ ਜਾਏ, ਨੰਗਾਂ ਨਾਲ ਲੜੇ ਸੋ ਭੀ ਨੰਗਣੀ ਹੈ ।

ਵਾਰਿਸ ਸ਼ਾਹ ਨਾ ਲੜੀਂ ਨਾ ਛੱਡ ਜਾਈਂ, ਘਰ ਮਾਪਿਆਂ ਦੇ ਨਾਹੀਂ ਟੰਗਣੀ ਹੈ।

 

(ਅਜੀ=ਅੱਜ ਹੀ, ਟੰਗਣੀ = ਵਿਆਹ ਬਗ਼ੈਰ ਮਾਪਿਆਂ ਘਰ ਬਿਠਾਈ ਰੱਖਣੀ)

 

  1. ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣੀ

ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ, ਦੁਆ ਦਿੱਤੀਆ ਨੇ ਜਾਹ ਹੀਰ ਤੇਰੀ ।

ਤੇਰੇ ਸਭ ਮਕਸੂਦ ਹੋ ਰਹੇ ਹਾਸਲ, ਮੱਦਦ ਹੋ ਗਏ ਪੰਜੇ ਪੀਰ ਤੇਰੀ ।

ਜਾਹ ਗੂੰਜ ਤੂੰ ਵਿੱਚ ਮੰਗਵਾੜ ਬੈਠਾ, ਬਖ਼ਸ਼ ਲਈ ਹੈ ਸਭ ਤਕਸੀਰ ਤੇਰੀ।

ਵਾਰਿਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ, ਕਰ ਛੱਡੀ ਹੈ ਨੇਕ ਤਦਬੀਰ ਤੇਰੀ ।

 

(ਖ਼ੁਸ਼ਹਾਲ =ਖੁਸ਼, ਮਕਸੂਦ=ਮੰਗ, ਮੁਰਾਦ, ਤਕਸੀਰ=ਗਲਤੀ)

 

  1. ਹੀਰ ਰਾਂਝੇ ਦੀ ਮਿੱਠੀ ਨਾਇਣ ਨਾਲ ਸਲਾਹ

ਰਾਂਝੇ ਆਖਿਆ ਆ ਖਾਂ ਬੈਠ ਹੀਰੇ, ਕੋਈ ਖੂਬ ਤਦਬੀਰ ਬਣਾਈਏ ਜੀ।

ਤੇਰੇ ਮਾਉਂ ਤੇ ਬਾਪ ਦਿਲਗੀਰ ਹੁੰਦੇ, ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਜੀ ।

ਮਿੱਠੀ ਨੈਣ ਨੂੰ ਸਦ ਕੇ ਬਾਤ ਗਿਣੀਏ, ਜੇ ਤੂੰ ਕਹੇਂ ਤੇਰੇ ਘਰ ਆਈਏ ਜੀ ।

ਮੈਂ ਸਿਆਲਾਂ ਦੇ ਵਿਹੜੇ ਵੜਾ ਨਾਹੀਂ, ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਜੀ ।

ਦਿਨੇ ਰਾਤ ਤੇਰੇ ਘਰ ਮੇਲ ਸਾਡਾ, ਸਾਡੇ ਸਿਰੀ ਅਹਿਸਾਨ ਚੜ੍ਹਾਈਏ ਜੀ ।

ਹੀਰ ਪੰਜ ਮੁਹਰਾਂ ਹੱਥ ਦਿੱਤੀਆਂ ਨੇ, ਜੀਵੇਂ ਮਿਠੀਏ ਡੌਲ ਬਣਾਈਏ ਜੀ ।

ਕੁੜੀਆਂ ਨਾਲ ਨਾ ਖੋਲ੍ਹਣਾ ਭੇਦ ਮੂਲੇ, ਸਭਾ ਜੀਉ ਦੇ ਵਿੱਚ ਲੁਕਾਈਏ ਜੀ ।

ਵਾਰਿਸ ਸ਼ਾਹ ਛੁਪਾਈਏ ਖ਼ਲਕ ਕੋਲੋਂ, ਭਾਵੇ ਆਪਣਾ ਹੀ ਗੁੜ ਖਾਈਏ ਜੀ।

 

(ਡੌਲ=ਸਕੀਮ, ਮੂਲੇ=ਬਿਲਕੁਲ)

 

  1. ਨਾਈਆਂ ਦੇ ਘਰ

ਫਲ੍ਹੇ ਕੋਲ ਜਿੱਥੇ ਮੰਗੂ ਬੈਠਦਾ ਸੀ, ਓਥੇ ਕੋਲ ਹੈਸੀ ਘਰ ਨਾਈਆਂ ਦਾ ।

ਮਿੱਠੀ ਨਾਇਣ ਘਰਾਂ ਸੰਦੀ ਖਸਮਣੀ ਸੀ, ਨਾਈ ਕੰਮ ਕਰਦੇ ਫਿਰਨ ਸਾਈਆਂ ਦਾ।

ਘਰ ਨਾਈਆਂ ਦੇ ਹੁਕਮ ਰਾਂਝਣੇ ਦਾ, ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ ।

ਚਾਂ ਭਾਂ ਮੱਠੀ ਫਿਰਨ ਵਾਲਿਆਂ ਦੀ, ਬਾਰਾ ਖੁਲ੍ਹਦਾ ਲੇਫ਼ ਤਲਾਈਆਂ ਦਾ।

ਮਿੱਠੀ ਸੇਜ ਵਿਛਾਏ ਕੇ ਫੁੱਲ ਪੂਰੇ, ਉੱਤੇ ਆਂਵਦਾ ਕਦਮ ਖ਼ੁਦਾਈਆਂ ਦਾ ।

ਦੋਵੇਂ ਹੀਰ ਰਾਂਝਾ ਰਾਤੀ ਕਰਨ ਮੌਜਾਂ, ਖੜੀਆਂ ਖਾਣ ਮੱਝੀ ਸਿਰ ਸਾਈਆਂ ਦਾ ।

ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ, ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ।

ਆਪੋ ਆਪਣੀ ਕਾਰ ਵਿੱਚ ਜਾਇ ਰੁੱਝਣ, ਬੂਹਾ ਫੇਰ ਨਾ ਵੇਖਦੇ ਨਾਈਆਂ ਦਾ ।

 

(ਖਸਮਣੀ=ਮਾਲਕਣ, ਚਾਂ ਭਾਂ = ਰੌਲਾ, ਬਾਰਾ ਖੁਲਦਾ=ਦਬਾਉ ਘਟ ਹੁੰਦਾ, ਫੁੱਲ ਪੂਰੇ=ਫੁੱਲ ਸਜਾਏ,ਭਾਤ=ਚੌਲ)

 

  1. ਹੀਰ ਅਤੇ ਸਹੇਲੀਆਂ ਦੀਆਂ ਰਾਂਝੇ ਨਾਲ ਖੇਡਾਂ

ਦਿੰਹੁ ਹੋਵੇ ਦੁਪਹਿਰ ਤਾਂ ਆਵੇ ਰਾਂਝਾ, ਅਤੇ ਓਧਰੋਂ ਹੀਰ ਵੀ ਆਂਵਦੀ ਹੈ।

ਇਹ ਮਹੀਂ ਲਿਆ ਬਹਾਂਵਦਾ ਏ, ਓਹ ਨਾਲ ਸਹੇਲੀਆਂ ਲਿਆਂਵਦੀ ਹੈ।

ਉਹ ਵੰਝਲੀ ਨਾਲ ਸਰੋਦ ਕਰਦਾ, ਇਹ ਨਾਲ ਸਹੇਲੀਆਂ ਗਾਂਵਦੀ ਹੈ।

ਕਾਈ ਜ਼ੁਲਫ ਨਚੋੜਦੀ ਰਾਂਝਨੇ ਦੀ, ਕਾਈ ਆਣ ਗਲੇ ਨਾਲ ਲਾਂਵਦੀ ਹੈ ।

ਕਾਈ ਚੰਬੜੇ ਲਕ ਨੂੰ ਮਸ਼ਕਬੋਰੀ, ਕਾਈ ਮੁਖ ਨੂੰ ਮੁਖ ਛੁਹਾਂਵਦੀ ਹੈ।

ਕਾਈ 'ਮੀਰੀ ਆਂ' ਆਖ ਕੇ ਭੱਜ ਜਾਂਦੀ, ਮਗਰ ਪਵੇ ਤਾਂ ਟੁੱਭੀਆਂ ਲਾਂਵਦੀ ਹੈ।

ਕਾਈ ਆਖਦੀ ਮਾਹੀਆ ਮਾਹੀਆ ਵੇ, ਤੇਰੀ ਮਝ ਕਟੀ ਕੱਟਾ ਜਾਂਵਦੀ ਹੈ।

ਕਾਈ ਮਾਮੇ ਦਿਆਂ ਖਰਬੂਜ਼ਿਆਂ ਨੂੰ, ਕੌੜੇ ਬਕਬਕੇ ਚਾ ਬਣਾਂਵਦੀ ਹੈ।

ਕਾਈ ਆਖਦੀ ਝਾਤ ਹੈ ਰਾਂਝਿਆ ਵੇ, ਮਾਰ ਬਾਹੁਲੀ ਪਾਰ ਨੂੰ ਧਾਵਦੀ ਹੈ ।

ਕੁੱਤੇ ਤਾਰੀਆਂ ਤਰਨ ਚਵਾਇ ਕਰਕੇ, ਇੱਕ ਛਾਲ ਘੜੰਮ ਦੀ ਲਾਂਵਦੀ ਹੈ।

ਮੁਰਦੇ-ਤਾਰੀਆਂ ਤਰਨ ਚੌਫਾਲ ਪੈ ਕੇ, ਕੋਈ ਨੌਲ ਨਿੱਸਲ ਰੁੜ੍ਹੀ ਆਂਵਦੀ ਹੈ।

ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ, ਤੇ ਪਤਾਲ ਦੀ ਮਿੱਟੀ ਲਿਆਂਵਦੀ ਹੈ।

ਇੱਕ ਬਣਨ ਚਤਰਾਂਗ ਮੁਗ਼ਾਬੀਆਂ ਵੀ, ਸੁਰਖ਼ਾਬ ਤੇ ਕੂੰਜ ਬਣ ਆਂਵਦੀ ਹੈ।

ਇੱਕ ਢੰਗ ਮੁਰਗਾਈ ਤੇ ਬਣੇ ਬਗਲਾ, ਇੱਕ ਕਿਲਕਿਲਾ ਹੋ ਵਿਖਾਂਵਦੀ ਹੈ।

ਇੱਕ ਵਾਂਗ ਕਕੋਹਿਆਂ ਸੰਘ ਟੱਡੇ, ਇੱਕ ਊਦ ਦੇ ਵਾਂਗ ਬੁਲਾਂਵਦੀ ਹੈ।

ਔਗਤ ਬੋਲਦੀ ਇੱਕ ਟਟੀਹਰੀ ਹੋ, ਇੱਕ ਸੰਗ ਜਲਕਾਵਣੀ ਆਂਵਦੀ ਹੈ।

ਇੱਕ ਲੁਧਰ ਹੋਇਕੇ ਕੁੜਕੁੜਾਵੇ, ਇੱਕ ਹੋਇ ਸੰਸਾਰ ਸ਼ੂਕਾਂਵਦੀ ਹੈ।

ਇੱਕ ਦੇ ਪਸਲੇਟੀਆਂ ਹੋਇ ਬੁਲ੍ਹਣ, ਮਸ਼ਕ ਵਾਂਗਰਾਂ ਓਹ ਫੂਕਾਂਵਦੀ ਹੈ।

ਹੀਰ ਤਰੇ ਚੌਤਰਫ ਹੀ ਰਾਂਝਣੇ ਦੇ, ਮੋਰ ਮਛਲੀ ਬਣ ਬਣ ਆਂਵਦੀ ਹੈ।

17 / 96
Previous
Next